ਦੇਸ਼-ਵਿਦੇਸ਼ 'ਚ ਵਿਲੱਖਣ ਕਾਰਨਾਮਿਆਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀਆਂ ਦੀ ਪੂਰੀ ਦੁਨੀਆ 'ਚ ਬੱਲੇ-ਬੱਲੇ ਹੋਈ ਪਈ ਹੈ। ਅਜਿਹਾ ਹੀ ਇਕ ਹੋਰ ਮਾਰਕਾ ਮਾਰਦਿਆਂ ਸਿੱਖ ਆਗੂ ਸੁਖਦੇਵ ਸਿੰਘ ਕੰਗ ਨੇ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦਾ ਜੱਦੀ ਘਰ ਖ਼ਰੀਦ ਕੇ ਸਭ ਨੂੰ ਹੈਰਾਨ ਕਰ ਦਿਤਾ ਹੈ।
ਇਸ ਸਬੰਧ 'ਚ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਇਟਲੀ ਸਥਿਤ ਜਿਸ ਘਰ 'ਚ ਜਨਮ ਅਤੇ ਪਾਲਣ ਪੋਸ਼ਣ ਹੋਇਆ ਹੈ, ਉਸ ਘਰ ਨੂੰ ਅੱਜ ਵੀ ਲੋਕ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ 'ਚ ਦੇਖਣ ਲਈ ਪਹੁੰਚਦੇ ਹਨ ਕਿਉਂਕਿ ਉਨ੍ਹਾਂ ਦੀਆਂ ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਦੀਆਂ ਯਾਦਾਂ ਇਸ ਘਰ ਨਾਲ ਜੁੜੀਆਂ ਹੋਈਆ ਹਨ। ਕੰਗ ਨੇ ਕਿਹਾ ਕਿ ਸੋਨੀਆ ਗਾਂਧੀ ਦਾ ਘਰ ਖ਼ਰੀਦਣਾ ਮੇਰੇ ਲਈ ਸੁਭਾਗ ਵਾਲੀ ਗੱਲ ਹੈ ਤੇ ਇਸ ਘਰ ਦਾ ਸਾਰਾ ਸਾਜੋ ਸਮਾਨ ਪਹਿਲਾਂ ਦੀ ਤਰ੍ਹਾਂ ਹੀ ਲੋਕਾਂ ਦੇ ਦੇਖਣ ਲਈ ਰਹਿਣ ਦਿੱਤਾ ਜਾਵੇਗਾ, ਜਿਸ 'ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਉਨ੍ਹਾ ਦੱਸਿਆ ਕਿ ਇਹ ਘਰ ਖ਼ਰੀਦਣ ਤੋਂ ਬਾਅਦ ਮੈਨੂੰ ਦੇਸ਼ਾਂ ਵਿਦੇਸ਼ਾਂ ਤੋਂ ਅਣਗਿਣਤ ਮੰਨੀਆਂ ਪ੍ਰਮੰਨੀਆਂ ਹਸਤੀਆਂ ਵਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।