ਨਵੀਂ ਦਿੱਲੀ : ਝਾਰਖੰਡ ਦੇ ਪਲਾਮੂ ਜ਼ਿਲੇ 'ਚ ਨਕਸਲੀਆਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣ ਦਫਤਰ ਨੂੰ ਬੰਬ ਵਿਸਫੋਟ ਨਾਲ ਉਡਾ ਦਿੱਤਾ। ਦਫਤਰ ਹਰਿਹਰਗੰਜ 'ਚ ਇੱਕ ਬੱਸ ਸਟੈਂਡ ਦੇ ਕੋਲ ਸਥਿਤ ਹੈ। ਸਥਾਨਿਕ ਲੋਕਾਂ ਮੁਤਾਬਕ ਨਕਸਲੀਆਂ ਨੇ 'ਸੀ. ਪੀ. ਆਈ-ਮਾਓਵਾਦੀ ਜਿੰਦਾਬਾਦ' ਦੇ ਨਾਅਰੇ ਲਗਾਏ। ਪੁਲਸ ਨੇ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਖਤਰਨਾਕ ਕੰਮ ਕਰਨ ਤੋਂ ਬਾਅਦ ਉਹ ਬਿਹਾਰ ਫਰਾਰ ਹੋ ਗਏ।
ਦੱਸਣਯੋਗ ਹੈ ਕਿ ਪਾਲਮੂ ਲੋਕ ਸਭਾ ਸੀਟ ਲਈ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਦੇ ਦੰਤੇਵਾੜਾ ਇਲਾਕੇ 'ਚ ਨਕਸਲੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਐੱਮ. ਐੱਲ. ਏ ਭੀਮਾ ਮੰਡਾਵੀ ਦੇ ਕਾਫਲੇ 'ਤੇ ਹਮਲਾ ਕੀਤਾ ਸੀ। ਹਮਲੇ 'ਚ ਭਾਜਪਾ ਐੱਮ. ਐੱਲ. ਏ ਭੀਮਾ ਮੰਡਾਵੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਨਕਸਲੀ ਇਲਾਕੇ 'ਚ ਪੁਲਸ ਨੇ ਸੁਰੱਖਿਆ ਦੀ ਵਿਵਸਥਾ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਭੀਮਾ ਮੰਡਾਵੀ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਦੇਵਤੀ ਕਰਮਾ ਨੂੰ ਹਰਾ ਕੇ ਦੰਤੇਵਾੜਾ 'ਚ ਜਿੱਤ ਪ੍ਰਾਪਤ ਕੀਤੀ ਸੀ। ਮਾਹਿਰਾਂ ਮੁਤਾਬਕ ਨਕਸਲੀਆਂ ਨੇ ਪਹਿਲਾਂ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਜਦੋਂ ਭੀਮਾ ਮੰਡਾਵੀ ਆਪਣੀ ਗੱਡੀ ਰਾਹੀਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ।