ਕਿਹਾ, ਚੋਣ ਵਰ੍ਹੇ ਵਿਚ ਸਕੀਮ ਸ਼ੁਰੂ ਕਰਨਾ ਦਲਿਤ ਵਿਦਿਆਰਥੀਆਂ ਨਾਲ ਭੱਦਾ ਮਜ਼ਾਕ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਐਸਸੀ ਸਕਾਲਰਸ਼ਿਪ ਨੂੰ ਭੱਦਾ ਮਜ਼ਾਕ ਦੱਸਦਿਆਂ ਅਕਾਲੀ ਦਲ ਨੇ ਕਿਹਾ ਇਸੇ ਸਕੀਮ ਦੇ ਪਿਛਲੇ ਤਿੰਨ ਸਾਲਾਂ ਦੇ 2440 ਕਰੋੜ ਰੁਪਏ ਹਾਲੇ ਤੱਕ ਜਾਰੀ ਕੀਤੇ। ਅਕਾਲੀ ਦਲ ਨੇ ਮੰਗ ਕਰਦਿਆਂ ਕਿਹਾ ਕਿ ਇਹ ਸਕੀਮ ਚਾਲੂ ਅਕਾਦਮਿਕ ਸੈਸ਼ਨ ਤੋਂ ਮੁੜ ਸ਼ੁਰੂ ਕੀਤੀ ਜਾਵੇ ਅਤੇ ਐਸ ਸੀ ਵਿਦਿਆਰਥੀਆਂ ਦੇ ਪਿਛਲੇ ਬਕਾਏ ਤੁਰੰਤ ਉਹਨਾਂ ਨੂੰ ਦਿੱਤੇ ਜਾਣ। ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਅਜਿਹਾ ਐਲਾਨ ਸਿਰਫ ਐਸ ਸੀ ਭਲਾਈ ਮੰਤਰੀ ਸਾਧੂ ਸਿੰਘ ਧਰਸਮੋਤ ਵੱਲੋਂ ਕੀਤੇ 64 ਕਰੋੜ ਰੁਪਏ ਦੇ ਘੁਟਾਲੇ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਕੀਤਾ ਗਿਆ ਹੈ।
ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜਦੋਂ ਉਹਨਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਚਲ ਰਹੀ ਸਕੀਮ ਦੇ ਬਕਾਏ ਵਿਦਿਆਰਥੀਆਂ ਲਈ ਜਾਰੀ ਨਹੀਂ ਕੀਤੇ ਤਾਂ ਫਿਰ ਉਹ ਸਕੀਮ ਨੂੰ ਅਗਲੇ ਸਾਲ ਤੋਂ ਮੁੜ ਸ਼ੁਰੂ ਕਿਵੇਂ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸਾਲ 2018-19 ਦੇ ਬਜਟ ਵਿਚ ਸਕੀਮ ਵਾਸਤੇ 620 ਕਰੋੜ ਰੁਪਏ ਰੱਖੇ ਗਏ ਸਨ, 2019-20 ਵਿਚ 860 ਕਰੋੜ ਅਤੇ ਸਾਲ 2020-21 ਵਿਚ ਸਕੀਮ ਲਈ 960 ਕਰੋੜ ਰੁਪਏ ਦੀ ਬਜਟ ਵਿਵਸਥਾ ਕੀਤੀ ਗਈ ਸੀ ਪਰ ਇਸ ਵਿਚੋਂ ਇਕ ਰੁਪਿਆ ਵੀ ਐਸ ਸੀ ਵਿਦਿਆਰਥੀਆਂ ਵਾਸਤੇ ਜਾਰੀ ਨਹੀਂ ਕੀਤਾ ਗਿਆ ਜਿਸ ਨਾਲ ਚਾਰ ਲੱਖ ਵਿਦਿਆਰਥੀਆਂ ਦਾ ਭਵਿੱਖ ਤਬਾਹ ਹੋ ਗਿਆ। ਉਹਨਾਂ ਕਿਹਾ ਕਿ ਹੁਣ ਸਰਕਾਰ ਇਹ ਕਹਿ ਕੇ ਐਸ ਸੀ ਭਾਈਚਾਰੇ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀ ਹੈ ਕਿ ਉਹ ਅਗਲੇ ਸਾਲ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸ਼ਕੀਮ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਅਜਿਹਾ ਕਰਨਾ ਗਰੀਬ ਤੇ ਦਬੇ ਕੁਚਲੇ ਵਰਗ ਦੇ ਵਿਦਿਆਰਥੀਆਂ ਨਾਲ ਕੀਤਾ ਗਿਆ ਇਕ ਪਾਪ ਹੈ।