ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਅੱਜ ਕੋਵਿਡ-19 ਦੇ ਟਾਕਰੇ ਲਈ ਮਾਸਕ ਪਹਿਨਣ ਦੀ ਮਹੱਤਤਾ ਦਰਸਾਉਂਦਾ ਵਿਸ਼ੇਸ਼ ਪੋਸਟਰ ਜਾਰੀ ਕੀਤਾ ਗਿਆ। ਇਸ ਨੇਕ ਕਾਰਜ ਦੀ ਸ਼ੁਰੂਆਤ “ਸੇਵਾ ਸੰਕਲਪ ਸੁਸਾਇਟੀ ਨੇ ਅਪਣੇ ਮੀਤ ਪ੍ਰਧਾਨ ਹਰਪ੍ਰੀਤ ਸੰਧੂ ਜੋ ਹਾਈ ਕੋਰਟ ਵਿਚ ਵਕੀਲ ਹਨ, ਦੀ ਅਗਵਾਈ ਹੇਠ 'ਸੇਫ਼ਟੀ ਅਵੇਅਰਨੈਂਸ ਸਲੋਗਨ ਮੁਹਿੰਮ' ਤਹਿਤ ਕੀਤਾ ਜਿਸ ਦਾ ਉਦੇਸ਼ ਨਾਗਰਿਕਾਂ ਦਰਮਿਆਨ ਸੁਰੱਖਿਆ ਉਪਾਵਾਂ ਸਬੰਧੀ ਜਾਗਰੂਕਤਾ ਫੈਲਾਉਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਮੁਹਿੰਮ ਸੂਬਾ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਾਸਕ ਪਹਿਨਣ, ਸਮਾਜਕ ਦੂਰੀ ਬਣਾਏ ਰਖਣ ਦੀ ਮਹੱਤਤਾ ਸਬੰਧੀ ਜਾਗਰੂਕਤਾ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ 'ਸੇਵਾ ਸੰਕਲਪ ਸੁਸਾਇਟੀ' ਅਤੇ ਡੀਐਮਸੀ ਦੇ ਉਘੇ ਡਾਕਟਰਾਂ ਨੇ ਪੰਜਾਬ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਕੋਵਿਡ-19 ਦੇ ਟਾਕਰੇ ਲਈ ਸਟੇਟ ਅਥਾਰਟੀਜ਼ ਵਲੋਂ ਜਾਰੀ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਨੂੰ ਉਤਸ਼ਾਹਤ ਕੀਤਾ ਹੈ।