ਚੰਡੀਗੜ੍ਹ : ਮੋਹਾਲੀ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਮੱਦੇਨਜ਼ਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਕੀਤੀ ਗਈ ਨਵੀਂ ਵਾਰਡਬੰਦੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਤੇ 2 ਨਵੰਬਰ ਸੋਮਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ। ਇਹ ਪਟੀਸ਼ਨ ਆਲ ਇੰਡੀਆ ਯੂਥ ਅਕਾਲੀ ਦਲ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਬੀਬੀ ਕਵਲਜੀਤ ਕੌਰ, ਗੁਰਮੁਖ ਸਿੰਘ ਸੋਹਲ ਅਤੇ ਯੂਥ ਨੇਤਾ ਮਨੀਸ਼ ਸ਼ਰਮਾ ਵਲੋਂ ਦਾਇਰ ਕੀਤੀ ਗਈ ਹੈ।
ਵਰਣਨਯੋਗ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਵੀਂ ਵਾਰਡਬੰਦੀ ਸਬੰਧੀ ਨਕਸ਼ਾ ਪਾਸ ਕਰ ਕੇ ਮੋਹਾਲੀ ਕਾਰਪੋਰੇਸ਼ਨ ਦੇ ਕਾਨਫਰੰਸ ਹਾਲ ਵਿਚ ਲੋਕਾਂ ਲਈ ਰੱਖ ਦਿੱਤਾ ਗਿਆ ਸੀ ਅਤੇ 1 ਨਵੰਬਰ ਸ਼ਾਮ 5 ਵਜੇ ਤੱਕ ਇਸ ਨਵੀਂ ਵਾਰਡਬੰਦੀ ਨੂੰ ਲੈ ਕੇ ਕੋਈ ਵੀ ਸ਼ਹਿਰੀ ਆਪਣਾ ਇਤਰਾਜ਼ ਦਰਜ਼ ਕਰਵਾ ਸਕਦਾ ਸੀ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਵੀਂ ਵਾਰਡਬੰਦੀ ਨੂੰ ਲੈ ਕੇ ਕਾਫੀ ਇਤਰਾਜ਼ ਦਰਜ਼ ਕਰਵਾਏ ਗਏ ਸਨ।
ਚੋਣਾਂ ਲੜਨ ਲਈ ਹਾਂ ਤਿਆਰ : ਸੋਹਾਣਾ
ਪਟੀਸ਼ਨ ਕਰਤਾ ਅਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੀ ਮੰਗ ਅਤੇ ਵਾਡਰਾਂ ਨਾਲ ਕੀਤੀ ਗਈ ਬੇਤਰਤੀਬੀ ਭੰਨ ਤੋੜ ਕਾਰਣ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਹੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ, ਕਿਉਂਕਿ ਕਾਂਗਰਸ ਪਾਰਟੀ ਨੇ ਆਪਣੇ ਰਾਜਨੀਤਿਕ ਮੁਫਾਦ ਦੀ ਪੂਰਤੀ ਲਈ ਹੀ ਨਵੀਂ ਵਾਰਡਬੰਦੀ ਕੀਤੀ ਹੈ ਜੋ ਕਿ ਲੋਕਾਂ ਨਾਲ ਧੱਕਾ ਹੈ। ਪੁੱਛੇ ਇਕ ਸਵਾਲ ਦੇ ਜਵਾਬ ਯੂਥ ਅਕਾਲੀ ਨੇਤਾ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਝ ਉਹ ਮੋਹਾਲੀ ਕਾਰਪੋਰੇਸ਼ਨ ਦੀਆਂ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ ਅਤੇ ਮੋਹਾਲੀ ਕਾਰਪੋਰੇਸ਼ਨ ਦਾ ਮੇਅਰ ਸ਼੍ਰੋਮਣੀ ਅਕਾਲੀ ਦਲ ਦਾ ਜੇਤੂ ਉਮੀਦਵਾਰ ਹੀ ਬਣੇਗਾ।
ਅਕਾਲੀ ਦਲ ਲੋਕਾਂ 'ਚ ਜਾਵੇ ਨਾ ਕਿ ਅਦਾਲਤ : ਬੇਦੀ
ਨਵੀਂ ਵਾਰਡਬੰਦੀ ਕਮੇਟੀ ਦੇ ਗੈਰ ਸਰਕਾਰੀ ਮੈਂਬਰ ਅਤੇ ਸਾਬਕਾ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਇਸ ਸਬੰਧੀ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ 5 ਨੂੰ ਮਾਨਯੋਗ ਅਦਾਲਤ ਵਿਚ ਜਾਣ ਦਾ ਪੂਰਾ ਹੱਕ ਅਤੇ ਸਾਨੂੰ ਇਸ 'ਤੇ ਰਤਾ ਭਰ ਇਤਰਾਜ਼ ਨਹੀਂ, ਪਰੰਤੂ ਜੇਕਰ ਸ਼ਹਿਰ ਦਾ ਵਿਕਾਸ ਅਕਾਲੀਆਂ ਵਲੋਂ ਕੀਤਾ ਗਿਆ ਹੈ ਜਿਸ ਬਾਰੇ ਅਕਾਲੀ ਦਲ ਦੇ ਨੇਤਾਗਣ ਦਾਅਵੇ ਕਰਦੇ ਨਹੀਂ ਥੱਕਦੇ ਤਾਂ ਇਨ੍ਹਾਂ ਨੂੰ ਤੋਂ ਅਦਾਲਤ ਵਿਚ ਜਾਣ ਦੀ ਥਾਂ 'ਤੇ ਲੋਕਾਂ ਦੀ ਕਚਿਹਰੀ ਵਿਚ ਜਾਣਾ ਚਾਹੀਦਾ ਹੈ ਅਤੇ ਮੋਹਾਲੀ ਕਾਰਪੋਰੇਸ਼ਨ ਦੀਆਂ ਅਗਾਮੀ ਚੋਣਾਂ ਲੜਨੀਆਂ ਚਾਹੀਦੀਆਂ ਹਨ।