ਚੰਡੀਗੜ੍ਹ : ਪੰਜਾਬ ਵਿਚ ਕੇਂਦਰੀ ਖੇਤੀ ਐਕਟਾਂ ਵਿਰੁੱਧ ਚੱਲਿਆ ਕਿਸਾਨ ਅੰਦੋਲਨ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਨੂੰ ਦੇਸ਼ ਬੰਦ ਦੀਆ ਤਿਆਰੀਆਂ ਲਈ ਪਿੰਡ -ਪਿੰਡ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਆਗੂ ਮੀਟਿੰਗਾਂ ਕਰ ਰਹੇ ਹਨ ਤਾਂ ਕਿ ਕੌਮੀ ਮਾਰਗਾਂ ਦੇ ਨਾਲ -ਨਾਲ ਸਥਾਨਕ ਮਾਰਗਾਂ ਨੂੰ ਵੀ ਬੰਦ ਕੀਤਾ ਜਾ ਸਕੇ। ਪੰਜਾਬ ਦੇ ਵਪਾਰੀਆਂ ਨੇ ਵੀ 5 ਦੇ ਬੰਦ ਲਈ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਅਨੁਸਾਰ , ਕਿਸਾਨ ਜੋ ਪ੍ਰੋਗਰਾਮ ਦੇਣਗੇ , ਵਪਾਰੀ ਉਨ੍ਹਾਂ ਦੀ ਨਾਲ ਖੜ੍ਹਣਗੇ।
ਦੂਜੇ ਪਾਸੇ ਇੰਨ੍ਹਾ ਅੰਦੋਲਨਾਂ ਦੇ ਨਾਲ ਨਾਲ ਪੰਜਾਬ ਵਿਚ ਗੈਰ ਭਾਜਪਾ ਪਾਰਟੀਆਂ ਦੀਆਂ ਰਾਜਨੀਤਕ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਹਨ। ਚਾਰ ਨਵੰਬਰ ਨੂੰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਫਦ ਲੈ ਕੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਵਿਧਾਨ ਸਭਾ ਵੱਲੋ ਕੇਂਦਰੀ ਖੇਤੀ ਐਕਟਾਂ ਵਿਰੁੱਧ ਪੰਜਾਬ ਐਸੰਬਲੀ ਵੱਲੋ ਪਾਸ ਕੀਤੇ ਬਿਲਾਂ ਨੂੰ ਰਾਸ਼ਟਰਪਤੀ ਆਪਣੀ ਮੰਜੂਰੀ ਦੇਣ। ਭਾਵੇਂ ਸਰਕਾਰ ਦਾ ਦਾਅਵਾ ਹੈ ਕਿ ਹੋਰ ਸਿਆਸੀ ਪਾਰਟੀਆਂ ਵੀ ਰਾਸ਼ਟਰਪਤੀ ਨੂੰ ਮਿਲਣ ਵਾਲੇ ਵਫ਼ਦ ਦਾ ਹਿੱਸਾ ਹੋਣਗੀਆਂ , ਪਰ ਅਕਾਲੀ ਦਲ ਤੋਂ ਬਾਅਦ ਨੇ ਵੀ ਇਸ ਵਫਦ ਵਿਚ ਸ਼ਾਮਿਲ ਹੋਣ ਤੋਂ ਪਾਸਾ ਵੱਟ ਲਿਆ ਹੈ। ਪੰਜਾਬ ਵਿਚ ਮੱਧਕਾਲੀ ਚੋਣਾਂ ਦੀਆਂ ਕਿਆਸ ਅਰਾਈਆਂ ਨੂੰ ਇਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਹਾਲੇ ਕਰੀਬ ਸਵਾ ਸਾਲ ਦਾ ਵਕਫਾ ਬਾਕੀ ਹੈ। ਪਰ ਸੂਬੇ ਵਿਚ ਸਿਆਸੀ ਸਰਗਰਮੀਆਂ ਹੁਣੇ ਤੋਂ ਹੀ ਤੇਜ਼ ਹੋ ਗਈਆਂ ਹਨ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ। ਕੇਂਦਰੀ ਖੇਤੀ ਐਕਟਾਂ ਦੇ ਨਾਮ 'ਤੇ ਪੰਜਾਬ ਸਰਕਾਰ ਹੱਥ ਅਜਿਹਾ ਮੁੱਦਾ ਲੱਗਿਆ ਹੈ , ਜਿਸਨੂੰ ਕੈਸ਼ ਕਰਵਾਉਣ ਵਿਚ ਕਾਂਗਰਸ ਦੇਰੀ ਨਹੀਂ ਕਰਨਾ ਚਾਹੁੰਦੀ।
ਸੂਬੇ ਵਿਚ ਕਿਸਾਨ ਅੰਦੋਲਨ ਵੀ ਤੇਜ਼ ਹੋ ਰਿਹਾ ਹੈ। ਸੂਬੇ ਦੇ ਤਾਪ ਘਰਾਂ ਅਤੇ ਖੇਤਾਂ ਲਈ ਖਾਦ ਦਾ ਭੰਡਾਰ ਖ਼ਤਮ ਹੋਣ ਵੱਲ ਹੈ। ਕੋਇਲੇ ਦੀ ਘਾਟ ਕਾਰਣ ਤਾਪ ਘਰ ਬੰਦ ਹੋਣ ਵੱਲ ਹਨ ਅਤੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਕੇਂਦਰੀ ਖੇਤੀ ਐਕਟਾਂ ਤੋਂ ਬਾਅਦ ਪ੍ਰਦੂਸ਼ਣ ਅਤੇ ਖੇਤੀ ਕਰਜ਼ ਦੇ ਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋਣ ਦੀ ਫਿਲਹਾਲ ਆਸ ਖ਼ਤਮ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਨੇ ਲੰਘੇ ਕਲ ਸੂਬੇ ਵਿੱਚ 65 ਸਥਾਨਾਂ 'ਤੇ ਧਰਨੇ ਦਿੱਤੇ , ਜੋ ਅੱਜ ਵੀ ਜਾਰੀ ਸਨ। ਯੂਨੀਅਨ ਵੱਲੋ 5 ਨਵੰਬਰ ਦੇ ਬੰਦ ਦੌਰਾਨ ਸੂਬੇ ਦੇ 24 ਸਥਾਨਾਂ 'ਤੇ ਚੱਕਾ ਜਾਮ ਦਾ ਐਲਾਨ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੀ ਮੀਟਿੰਗ ਕਰ ਰਹੀ ਹੈ , ਜਦਕਿ ਤਿੰਨ ਨਵੰਬਰ ਨੂੰ ਕਿਸਾਨ ਆਗੂਆਂ ਦੀ ਪੰਜਾਬ ਦੇ ਅਟਾਰਨੀ ਜਨਰਲ ਨਾਲ ਪੰਜਾਬ ਵਿਧਾਨ ਸਭਾ ਵੱਲੋ ਪਾਸ ਕੀਤੇ ਬਿੱਲਾਂ ਨੂੰ ਲੈ ਕੇ ਮੀਟਿੰਗ ਰੱਖੀ ਹੋਈ ਹੈ।