ਨਵੀਂ ਦਿੱਲੀ, 25 ਅਪ੍ਰੈਲ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਭਾਜਪਾ ਭਾਰਤ ਨੂੰ ਤੋੜਨ ਦੇ ਪਾਕਿਸਤਾਨ ਦੇ ਏਜੰਡੇ ਨੂੰ ਪੂਰਾ ਕਰ ਰਹੀ ਹੈ। ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਕਿਸੇ ਵੀ ਗ਼ੈਰ ਭਾਜਪਾ ਪਾਰਟੀ ਦੀ ਸਰਕਾਰ ਦੇ ਗਠਨ ਵਿਚ ਮਦਦ ਕਰੇਗੀ।
ਅੱਜ ਵੀਰਵਾਰ ਨੂੰ ਅਪਣੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਦੇਸ਼ ਦੀ ਸੱਤਾ ਵਿਚ ਆਉਂਦੀ ਹੈ ਤਾਂ ਇਸ ਲਈ ਸਿਰਫ਼ ਤੇ ਸਿਰਫ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਾਰੇ ਸੂਬਿਆਂ ਵਿਚ ਵਿਰੋਧੀ ਧਿਰ ਦੇ ਗਠਜੋੜ ਨੂੰ ਕਮਜ਼ੋਰ ਕਰ ਰਹੀ ਹੈ। ਦਿੱਲੀ ਵਿਚ 'ਆਪ' ਨੇ ਗਠਜੋੜ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕਾਂਗਰਸ ਨੇ ਹਰ ਵਾਰ ਅਪਣੀਆਂ ਸ਼ਰਤਾਂ ਬਦਲੀਆਂ ਜਿਸ ਤੋਂ ਇਹ ਸਾਬਤ ਹੋ ਗਿਆ ਕਿ ਕਾਂਗਰਸ ਗਠਜੋੜ ਕਰਨਾ ਚਾਹੁੰਦੀ ਹੀ ਨਹੀਂ ਸੀ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਆਜ਼ਾਦੀ ਦੇ ਬਾਅਦ ਤੋਂ ਬਾਕੀ ਦੇਸ਼ਾਂ ਤੋਂ ਆਏ ਹਿੰਦੂ, ਸਿੱਖ ਅਤੇ ਬੌਧ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿਤਾ ਜਾਵੇਗਾ। ਚੋਣ ਮਨੋਰਥ ਪੱਤਰ ਵਿਚ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁੱਖ ਮਕਸਦ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦਾ ਹੋਵੇਗਾ।