ਨਵੀਂ ਦਿੱਲੀ : ਫ਼ੌਜ ਨੇ ਮੀਡੀਆ 'ਚ ਆਈ ਉਸ ਰਿਪੋਰਟ ਦਾ ਖੰਡਨ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਚੀਨ ਦੀ ਫੌਜ ਨੇ ਪੂਰਬੀ ਲੱਦਾਖ 'ਚ ਪੇਗੋਂਗ ਝੀਲ ਦੇ ਉੱਤਰ 'ਚ ਫਿੰਗਰ 2 ਅਤੇ 3 ਖੇਤਰ 'ਚ ਫਿਰ ਤੋਂ ਭਾਰਤੀ ਸਰਹੱਦ 'ਤੇ ਕਬਜ਼ਾ ਕੀਤਾ ਹੈ। ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਮੀਡੀਆ 'ਚ ਇਸ ਬਾਰੇ ਆਈ ਰਿਪੋਰਟ ਗਲਤ ਹੈ। ਦੱਸਣਯੋਗ ਹੈ ਕਿ ਮੀਡੀਆ 'ਚ ਆਈ ਇਕ ਰਿਪੋਰਟ 'ਚ ਭਾਰਤੀ ਜਨਤਾ ਪਾਰਟੀ ਦੇ ਲੱਦਾਖ ਤੋਂ ਸਾਬਕਾ ਸੰਸਦ ਮੈਂਬਰ ਥੁਪਸਾਨ ਛੇਵਾਂਗ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਚੀਨ ਦੀ ਫ਼ੌਜ ਨੇ ਪੂਰਬੀ ਲੱਦਾਖ 'ਚ ਪੇਗੋਂਗ ਝੀਲ ਦੇ ਉੱਤਰ 'ਚ ਫਿੰਗਰ 2 ਅਤੇ 3 ਖੇਤਰ 'ਚ ਹੋਰ ਅੱਗੇ ਵਧਦੇ ਹੋਏ ਭਾਰਤੀ ਸਰਹੱਦ 'ਤੇ ਕਬਜ਼ਾ ਕੀਤਾ ਹੈ ਅਤੇ ਉੱਥੇ ਕਬਜ਼ਾ ਜਮ੍ਹਾ ਲਿਆ ਹੈ।
ਫ਼ੌਜ ਨੇ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਨਾਲ ਫਰਜ਼ੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਨੂੰ ਖਾਰਜ ਕਰਦੀ ਹੈ। ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਪਿਛਲੇ 5 ਮਹੀਨਿਆਂ ਤੋਂ ਫ਼ੌਜ ਤਣਾਅ ਬਣਿਆ ਹੋਇਆ ਹੈ। ਇਸ ਦੇ ਹੱਲ ਲਈ ਦੋਹਾਂ ਪੱਖਾਂ ਦਰਮਿਆਨ ਡਿਪਲੋਮੈਟ ਅਤੇ ਫ਼ੌਜ ਅਤੇ ਸਿਆਸੀ ਪੱਧਰ 'ਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ ਪਰ ਦੋਹਾਂ ਪੱਖਾਂ ਨੇ ਆਪਣੇ ਰੁਖ 'ਤੇ ਕਾਇਮ ਰਹਿਣ ਨਾਲ ਹਾਲੇ ਤੱਕ ਇਸ ਦਾ ਠੋਸ ਹੱਲ ਨਹੀਂ ਨਿਕਲਿਆ ਹੈ।