ਚੰਡੀਗੜ੍ਹ : ਸੂਬੇ ਵਿਚ ਡੇਂਗੂ ਨੂੰ ਕੰਟਰੋਲ ਕਰਨ ਦੇ ਮਦੇਨਜ਼ਰ, ਸਟੇਟ ਟਾਸਕ ਫ਼ੋਰਸ ਵਲੋਂ ਸਾਂਝੇ ਤੌਰ 'ਤੇ ਯਤਨ ਕੀਤੇ ਜਾ ਰਹੇ ਹਨ ਜਿਸ ਵਿਚ ਸਥਾਨਕ ਸਰਕਾਰਾਂ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਕਿਰਤ, ਮੈਡੀਕਲ ਸਿਖਿਆ ਅਤੇ ਖੋਜ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਕੂਲ ਸਿਖਿਆ ਅਤੇ ਪਸ਼ੂ ਪਾਲਣ ਵਿਭਾਗ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰਿਆਂ ਨੂੰ ਡੇਂਗੂ ਵਿਰੁਧ ਮੁਹਿੰਮ ਵਿਚ ਹਿੱਸਾ ਪਾਉਣਾ ਚਾਹੀਦਾ ਹੈ ਕਿਉਂਜੋ ਡੇਂਗੂ ਦੇ ਫੈਲਣ ਦਾ ਸਮਾਂ ਨਵੰਬਰ ਅਤੇ ਦਸੰਬਰ ਦੇ ਅਰੰਭ ਤਕ ਚਲਦਾ ਹੈ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ, ਪੰਜਾਬ ਵਲੋਂ ਜਨਵਰੀ ਤੋਂ ਹੁਣ ਤਕ ਡੇਂਗੂ ਦੇ 10, 890 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ ਵਿਚੋਂ 4692 ਮਰੀਜ਼ ਪਾਜ਼ੇਟਿਵ ਪਾਏ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬੁਖ਼ਾਰ ਦੇ ਹਰੇਕ ਮਾਮਲੇ ਦੀ ਰਿਪੋਰਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਖ਼ਾਸਕਰ ਜਦੋਂ ਸੂਬਾ ਪਹਿਲਾਂ ਹੀ ਕੋਵਿਡ-19 ਮਹਾਂਮਾਰੀ ਨਾਲ ਲੜ ਰਿਹਾ ਹੈ ਜਿਸ ਤਹਿਤ ਵੱਖ-ਵੱਖ ਬੀਮਾਰੀਆਂ ਦੇ ਲੱਛਣ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਡੇਂਗੂ ਦੀ ਰੋਕਥਾਮ ਅਤੇ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਂਕਿ ਮੱਛਰਾਂ ਦਾ ਪ੍ਰਜਨਨ ਮੁੱਖ ਤੌਰ ਤੇ ਘਰਾਂ ਅਤੇ ਦਫ਼ਤਰਾਂ ਵਿਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ “ਐਵਰੀ ਫਰਾਈਡੇਅ-ਡਰਾਈ ਡੇਅ” ਦੀ ਘੋਸ਼ਣਾ ਕੀਤੀ ਹੈ ਜਿਸਦਾ ਅਰਥ ਹੈ ਕਿ ਹਫ਼ਤੇ ਵਿਚ ਇਕ ਵਾਰ ਪਾਣੀ ਦੇ ਡੱਬਿਆਂ ਆਦਿ ਨੂੰ ਖ਼ਾਲੀ ਅਤੇ ਸਾਫ਼ ਕਰ ਕੇ ਡੇਂਗੂ ਦੀ ਬੀਮਾਰੀ ਨੂੰ ਰੋਕਿਆ ਜਾ ਸਕਦਾ ਹੈ।