ਸਰੀ : ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ਚ ਪੰਜਾਬੀਆਂ ਨੇ ਵੀ ਝੰਡੇ ਗੱਡੇ ਨੇ। 8 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ 8 ਪੰਜਾਬੀਆਂ ਚੋਂ ਅਮਨ ਸਿੰਘ ਪਹਿਲੇ ਦਸਤਾਰਧਾਰੀ ਸਿੱਖ ਨੇ ਜੋ ਬੀ ਸੀ ਅਸੈਂਬਲੀ ’ਚ ਮੈਂਬਰ ਬਣੇ ਨੇ। ਅਮਨ ਸਿੰਘ ਤੋਂ ਬਿਨ੍ਹਾਂ 7 ਹੋਰ ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਅਤੇ ਇਹ ਸਾਰੇ ਹੀ ਐਨਡੀਪੀ ਦੇ ਉਮੀਦਵਾਰ ਸਨ। ਜਿੱਤ ਹਾਸਲ ਕਰਨ ਵਾਲੇ ਪੰਜਾਬੀ ਉਮੀਦਵਾਰਾਂ ਵਿਚ ਹੈਰੀ ਬੈਂਸ, ਜਗਰੂਪ ਬਰਾੜ, ਜਿੰਨੀ ਸਿਮਸ, ਰਚਨਾ ਸਿੰਘ, ਰਵੀ ਕਾਹਲੋਂ, ਰਾਜ ਚੌਹਾਨ, ਨਿੱਕੀ ਸ਼ਰਮਾ ਸ਼ਾਮਲ ਹਨ।
24 ਅਕਤੂਬਰ ਨੂੰ ਹੋਈਆਂ ਅਸੈਂਬਲੀ ਚੋਣਾਂ ਦੀ ਲੀਡ ਤੋਂ ਐਨਡੀਪੀ ਦੀ ਜਿੱਤ ਯਕੀਨੀ ਹੋ ਗਈ ਹੈ। ਐਨ.ਡੀ.ਪੀ. 45.3 ਪ੍ਰਤੀਸ਼ਤ ਵੋਟਾਂ ਹਾਸਲ ਕਰਕੇ 55 ਸੀਟਾਂ ਤੇ ਲੀਡ ਹਾਸਲ ਕਰ ਚੁੱਕੀ ਹੈ ਜਦੋਂ ਕਿ ਉਸ ਦੀ ਮੁੱਖ ਵਿਰੋਧੀ ਪਾਰਟੀ ਬੀਸੀ ਲਿਬਰਲ 35.41 ਪ੍ਰਤੀਸ਼ਤ ਵੋਟਰਾਂ ਦਾ ਸਮਰਥਨ ਹਾਸਲ ਕਰਕੇ 29 ਸੀਟਾਂ ਤੇ ਲੀਡ ਲੈ ਸਕੀ ਹੈ ਅਤੇ ਤੀਜੀ ਮੁੱਖ ਧਿਰ ਗਰੀਨ ਪਾਰਟੀ ਨੂੰ 15.30 ਪ੍ਰੀਤਸ਼ਤ ਵੋਟਰਾਂ ਦਾ ਭਰੋਸਾ ਹਾਸਲ ਹੋਇਆ ਹੈ ਅਤੇ ਉਸ ਦੇ ਹਿੱਸੇ ਸਿਰਫ 3 ਸੀਟਾਂ ਆਈਆਂ ਹਨ, ਕਨਸਰਵੇਟਿਵ ਅਤੇ ਹੋਰ ਛੋਟੀਆਂ ਪਾਰਟੀਆਂ ਨੂੰ ਸਿਰਫ 4.26 ਪ੍ਰਤੀਸ਼ਤ ਵੋਟਾਂ ਹਾਸਲ ਹੋਈਆਂ ਹਨ ਅਤੇ ਇਨ੍ਹਾਂ ਨੂੰ ਕੋਈ ਸੀਟ ਨਹੀਂ ਮਿਲੀ।
ਇਲੈਕਸ਼ਨ ਬੀਸੀ ਅਨੁਸਾਰ ਪਹਿਲੀ ਸਟੇਜ ਤੇ ਐਡਵਾਂਸ ਪੋਲ ਹੋਈਆਂ ਵੋਟਾਂ ਅਤੇ 24 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਹੀ ਸ਼ਾਮਲ ਹੈ ਅਤੇ ਇਸ ਅਨੁਸਾਰ ਕੁੱਲ 1, 208, 326 ਵੋਟਾਂ ਗਿਣੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਐਨਡੀਪੀ ਨੂੰ 544, 083, ਲਿਬਰਲ ਪਾਰਟੀ ਨੂੰ 427, 889, ਗਰੀਨ ਪਾਰਟੀ ਨੂੰ 184, 921 ਅਤੇ ਬਾਕੀ ਛੋਟੀਆਂ ਪਾਰਟੀਆਂ ਨੂੰ 51, 433 ਵੋਟਾਂ ਹਾਸਲ ਹੋਈਆਂ ਹਨ।
ਚੋਣਾਂ ਦੇ ਫਾਈਨਲ ਨਤੀਜੇ ਆਉਣ ਵਿਚ ਅਜੇ ਦੋ ਹਫਤਿਆਂ ਦੀ ਉਡੀਕ ਕਰਨੀ ਪਵੇਗੀ ਕਿਉਂਕਿ ਇਸ ਵਾਰ ਲੱਗਭੱਗ 525, 000 ਵੋਟਰਾਂ ਨੇ ਡਾਕ ਰਾਹੀਂ ਆਪਣੀ ਵੋਟ ਪਾਈ ਹੈ ਅਤੇ ਇਨ੍ਹਾਂ ਦੀ ਗਿਣਤੀ 13 ਦਿਨਾਂ ਬਾਅਦ ਸ਼ੁਰੂ ਕੀਤੀ ਜਾਵੇਗੀ। ਇਹ ਗਿਣਤੀ ਬਹੁਤ ਥੋੜ੍ਹੇ ਫਰਕ ਵਾਲੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਫਾਈਨਲ ਗਿਣਤੀ ਉਪਰੰਤ ਹੀ ਇਲੈਕਸ਼ਨ ਬੀਸੀ ਵੱਲੋਂ ਸਰਕਾਰੀ ਤੌਰ ਤੇ ਜੇਤੂ ਉਮੀਦਵਾਰਾਂ ਨੂੰ ਸਰਟੀਫੀਕੇਟ ਪ੍ਰਦਾਨ ਕੀਤੇ ਜਾਣਗੇ।