ਨਵੀਂ ਦਿੱਲੀ : ਭਾਰਤ ਨੂੰ ਪਹਿਲੀ ਵਾਰ ਆਪਣੀ ਕਪਤਾਨੀ ਵਿਚ 1983 ਵਿਚ ਵਿਸ਼ਵ ਕੱਪ ਜੇਤੂ ਬਣਾਉਣ ਵਾਲੇ ਕਪਿਲ ਦੇਵ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਨ੍ਹਾਂ ਨੂੰ ਰਾਜਧਾਨੀ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਕਪਿਲ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦ ਤੰਦਰੁਸਤ ਹੋਣ ਦੀ ਅਰਦਾਸ ਕੀਤੀ ਹੈ। ਕਪਿਲ ਦੀ ਦਿੱਲੀ ਦੇ ਇਕ ਹਸਪਤਾਲ ਵਿਚ ਐਂਜਿਓਪਲਾਸਟੀ ਹੋਈ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਕਪਿਲ ਦੀ ਕਪਤਾਨੀ ਵਿਚ ਭਾਰਤ ਨੇ 1983 ਵਿਚ ਪਹਿਲੀ ਵਾਰ ਵਲਡਰ ਕੱਪ ਜਿੱਤਿਆ ਸੀ। ਕਪਿਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿਚ 131 ਟੈਸਟ ਅਤੇ 225 ਵਨਡੇ ਮੈਚ ਖੇਡੇ। ਉਨ੍ਹਾਂ ਦੇ ਨਾਮ ਟੈਸਟ ਵਿਚ 5248 ਦੌੜਾਂ ਅਤੇ 434 ਵਿਕਟਾਂ ਦਰਜ ਹਨ। ਵਨਡੇ ਕਰੀਅਰ ਵਿਚ ਉਨ੍ਹਾਂ ਨੇ 3783 ਦੌੜਾਂ ਬਣਾਉਣ ਦੇ ਨਾਲ 253 ਵਿਕਟਾਂ ਵੀ ਲਈਆਂ ਹਨ।