ਬਠਿੰਡਾ : ਸਥਾਨਕ ਸ਼ਹਿਰ ਦੇ ਬਰਨਾਲਾ ਬਾਈਪਾਸ 'ਤੇ ਸਥਿਤ ਪਾਸ਼ ਕਲੌਨੀ 'ਗਰੀਨ ਸਿਟੀ' ਦੀ ਇਕ ਕੋਠੀ 'ਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਇਕ ਵਪਾਰੀ ਵਲੋਂ ਪਤਨੀ, ਪੁੱਤਰ ਤੇ ਧੀ ਨੂੰ ਗੋਲੀ ਮਾਰਨ ਬਾਅਦ ਖ਼ੁਦ ਵੀ ਆਤਮ ਹਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਕੋਠੀ ਨੰਬਰ 284 'ਚ ਦਿਨ-ਦਿਹਾੜੇ ਵਾਪਰੀ ਇਸ ਘਟਨਾ ਵਿਚ ਮਰਨ ਵਾਲਿਆਂ ਦੀ ਪਛਾਣ ਦਵਿੰਦਰ ਗਰਗ (41), ਉਸਦੀ ਪਤਨੀ ਮੀਨਾ ਗਰਗ (38) , ਬੇਟਾ ਆਰੂਸ਼ (14) ਅਤੇ ਬੇਟੀ ਮੁਸਕਾਨ (10) ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਦੇ ਘਰੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸਨੇ ਆਰਥਕ ਤੰਗੀ ਦੇ ਚੱਲਦੇ ਸ਼ਹਿਰ ਦੇ ਕੁੱਝ ਵਿਅਕਤੀਆਂ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਹਵਾਲਾ ਦਿਤਾ ਹੈ।
ਸੂਤਰਾਂ ਮੁਤਾਬਕ ਖ਼ੁਦਕਸ਼ੀ ਨੋਟ ਵਿਚ ਸ਼ਹਿਰ ਦੇ ਇਕ ਸਿਆਸੀ ਆਗੂ ਦਾ ਨਾਂ ਵੀ ਸ਼ਾਮਲ ਦਸਿਆ ਜਾ ਰਿਹਾ। ਘਟਨਾ ਦਾ ਪਤਾ ਚੱਲਦੇ ਹੀ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਸਹਿਤ ਉਚ ਪੁਲਿਸ ਅਧਿਕਾਰੀਆਂ ਵਲੋਂ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਐਸ.ਐਸ.ਪੀ ਨੇ ਦਸਿਆ ਕਿ ਖ਼ੁਦਕਸ਼ੀ ਨੋਟ ਦੇ ਆਧਾਰ 'ਤੇ 9 ਵਿਅਕਤੀਆਂ ਵਿਰੁਧ ਪਰਚਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਮ੍ਰਿਤਕ ਅਪਣੀ ਪਤਨੀ ਤੇ ਬੱਚਿਆਂ ਨਾਲ ਉਕਤ ਕਲੌਨੀ 'ਚ ਕਿਰਾਏ ਉਪਰ ਰਹਿੰਦਾ ਸੀ ਜਦੋਂਕਿ ਉਸਦਾ ਪਿਤਾ ਹੇਮ ਰਾਜ ਗਰਗ ਤੇ ਹੋਰ ਪ੍ਰਵਾਰ ਬੱਸ ਸਟੈਂਡ ਦੇ ਪਿੱਛੇ ਰਹਿੰਦੇ ਸਨ।
ਇਹ ਵੀ ਸੂਚਨਾ ਮਿਲੀ ਹੈ ਕਿ ਕੁੱਝ ਸਮਾਂ ਪਹਿਲਾਂ ਮ੍ਰਿਤਕ ਦੁਆਰਾ ਇਕ ਚਿੱਟ ਫ਼ੰਡ ਕੰਪਨੀ 'ਚ ਵੀ ਕੰਮ ਕੀਤਾ ਗਿਆ ਸੀ, ਜਿਸਤੋਂ ਬਾਅਦ ਹੁਣ ਉਹ 'ਬਿਟਕੌਨ' ਦਾ ਕੰਮ ਕਰਦਾ ਸੀ। ਸ਼ਹਿਰ ਦੇ ਕੁੱਝ ਵਿਅਕਤੀਆਂ ਨਾਲ ਉਸਦਾ ਵਪਾਰ ਨੂੰ ਲੈ ਕੇ ਹੀ ਝਗੜਾ ਚੱਲ ਰਿਹਾ ਸੀ। ਪੁਲਿਸ ਵਲੋਂ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੀ ਮਦਦ ਨਾਲ ਲਾਸਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।