ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਰਸਨਲ ਵੈੱਬਸਾਈਟ ਤੋਂ ਡਾਟਾ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪਿਛਲੇ ਦੋ ਮਹੀਨੇ 'ਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ 'ਚ ਪੀਐੱਮ ਮੋਦੀ ਦੀ ਪਰਸਨਲ ਵੈੱਬਸਾਈਟ ਤੇ Twitter ਅਕਾਊਂਟ ਨੂੰ ਹੈਕ ਕਰ ਲਿਆ ਗਿਆ ਸੀ। ਇਸ ਵਾਰ ਪੀਐੱਮ ਮੋਦੀ ਪਰਸਨਲ ਵੈੱਬਸਾਈਟ ਤੋਂ ਲਗਭਗ 5 ਲੱਖ ਲੋਕਾਂ ਦਾ ਡਾਟਾ ਚੋਰੀ ਕੀਤਾ ਗਿਆ ਹੈ ਤੇ ਵਿਕਰੀ ਲਈ ਡਾਰਕ ਵੈੱਬਸਾਈਟ 'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਹੈਕਰਜ਼ ਵੱਲੋਂ ਚੋਰੀ ਕੀਤੇ ਗਏ ਡਾਟਾ ਰਾਹੀਂ 5, 70, 000 ਲੋਕਾਂ ਦੀ ਅਹਿਮ ਜਾਣਕਾਰੀ ਚੋਰੀ ਕੀਤੀ ਗਈ ਹੈ। ਇਸ 'ਚ ਲੋਕਾਂ ਦੇ ਨਾਂ, ਮੋਬਾਈਲ ਨੰਬਰ, ਵੈੱਬਸਾਈਟ ਵਰਗੀਆਂ ਕਈ ਤਰ੍ਹਾਂ ਦੀ ਜਾਣਕਾਰੀਆਂ ਸ਼ਾਮਲ ਹਨ।
ਸਾਈਬਰ ਸਿਕਓਰਿਟੀ ਫਰਮ Cyble ਦੀ ਰਿਪੋਰਟ ਮੁਤਾਬਕ ਚੋਰੀ ਕੀਤੇ ਗਏ ਡਾਟਾ ਨਾਲ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਇਸ ਡਾਟਾ ਦਾ ਇਸਤੇਮਾਲ ਫਿਸ਼ਿੰਗ ਈਮੇਲ, ਸਪੈਮ ਟੈਕਸਟ ਮੈਸੇਜ ਭੇਜਣ ਲਈ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜਿਨ੍ਹਾਂ 5.70 ਲੱਖ ਲੋਕਾਂ ਦਾ ਡਾਟਾ ਲੀਕ ਹੋਇਆ ਹੈ ਉਨ੍ਹਾਂ 'ਚੋਂ 2.92 ਲੱਖ ਤੋਂ ਜ਼ਿਆਦਾ ਅਜਿਹੇ ਡੋਨਰ ਮੌਜੂਦ ਹਨ ਜਿਨ੍ਹਾਂ ਨੇ ਕੋਵਿਡ-19 ਤੋਂ ਇਲਾਵਾ ਸਵੱਛ ਭਾਰਤ, ਬੇਟੀ ਬਚਾਓ-ਬੇਟੀ ਪੜ੍ਹਾਓ ਵਰਗੀਆਂ ਮੁਹਿੰਮ ਲਈ ਦਾਨ ਕੀਤਾ ਹੈ।
ਡਾਟਾ ਲੀਕ ਦੀ ਘਟਨਾ ਨੂੰ ਚੈੱਕ ਕਰਨ ਲਈ ਯੂਜ਼ਰਜ਼ Cyble ਦੇ ਇੰਸਟਗ੍ਰਾਮ ਪੇਜ 'ਤੇ ਵਿਜ਼ਿਟ ਕਰਨਾ ਪਵੇਗਾ ਜਿੱਥੇ ਡਾਟਾ ਲੀਕ ਹੋਣ ਵਾਲੇ ਲੋਕਾਂ ਦੀ ਲਿਸਟ ਮੌਜੂਦ ਹੈ। ਨਾਲ ਹੀ Cyble ਵੈੱਬਸਾਈਟ ਦਾ ਲਿੰਕ ਦਿੱਤਾ ਗਿਆ ਹੈ ਜਿਸ 'ਤੇ ਕਲਿੱਕ ਕਰ ਕੇ ਡਾਟਾ ਲੀਕ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।