ਫਰੀਦਕੋਟ : ਪਿੰਡ ਕਲੇਰ ਵਿਖੇ ਰਹਿ ਰਹੇ ਪ੍ਰਵਾਸੀ ਪਰਿਵਾਰ ਨੇ ਖੁਦ ਨੂੰ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ 'ਚ ਪਰਿਵਾਰ ਦਾ ਮੁਖੀ, ਉਸਦੀ ਪਤਨੀ, ਉਸਦੀ ਧੀ 'ਤੇ ਉਸਦਾ ਪੁੱਤਰ ਸ਼ਾਮਿਲ ਹਨ। ਜਿਹੜੇ ਕਿ ਪਿਛਲੇ 10 ਸਾਲਾਂ ਤੋਂ ਉਥੇ ਰਹਿ ਰਹੇ ਸਨ। ਉਹ ਮੂਲ ਰੂਪ ਤੋਂ ਰਾਜਸਥਾਨ ਦੇ ਰਹਿਣ ਵਾਲੇ ਹਨ। ਪੁਲਿਸ ਨੇ ਚਾਰੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪਰਿਵਾਰ ਦਾ ਮੁਖੀ ਇੱਟਾਂ ਦੇ ਭੱਠੇ 'ਤੇ ਮੁੱਖ ਮੁੰਨਸ਼ੀ ਵੱਜੋਂ ਕੰਮ ਕਰਦਾ ਸੀ। ਬੀਤੀ ਰਾਤ ਪਰਿਵਾਰ ਰੋਜ਼ ਦੀ ਤਰ੍ਹਾਂ ਸੌਂ ਗਿਆ ਸੀ। ਸਵੇਰੇ ਜਦੋਂ ਪਿੰਡ ਕਲੇਰ ਦੇ ਲੋਕਾਂ ਨੇ ਉਸ ਦੇ ਘਰ 'ਚੋਂ ਧੂੰਆਂ ਨਿਕਲਦਾ ਦੇਖ ਦਰਵਾਜਾ ਤੋੜਿਆ ਤਾਂ ਚਾਰੇ ਮੈਂਬਰ ਅੱਗ ਨਾਲ ਝੁਲਸੇ ਹੋਏ ਸਨ। ਜਿਹਨਾਂ ਵਿੱਚ ਪਰਿਵਾਰ ਦਾ ਮੁਖੀ, ਉਸਦੀ ਪਤਨੀ ਸੀਮਾ (36), ਧੀ ਮੋਨਿਕਾ (15) 'ਤੇ ਪੁੱਤਰ ਹਤੀਸ਼ ਕੁਮਾਰ (10) ਹਨ।
ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਆਲੇ-ਦੁਆਲੇ ਤੇ ਉਸ ਨਾਲ ਕੰਮ ਕਰਨ ਵਾਲੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੇ ਪਰਿਵਾਰ ਸਣੇ ਅਜਿਹਾ ਕਦਮ ਕਿਉਂ ਚੁੱਕਿਆ। ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਉਕਤ ਪਰਿਵਾਰ ਦੇ ਘਰੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿੱਚ ਉਸ ਨੇ ਇਹ ਕਦਮ ਚੁੱਕਣ ਲਈ ਲਾਕਡਾਊਨ ਦੌਰਾਨ ਆਰਥਿਕ ਹਾਲਤ ਖਰਾਬ ਹੋਣ ਕਾਰਨ ਦਾ ਦੱਸਿਆ ਹੈ। ਫਿਰ ਵੀ ਪੁਲਿਸ ਆਧਾਰ 'ਤੇ ਮਾਮਲੇ ਦੀ ਪੜਤਾਲ ਕਰ ਰਹੀ ਹੈ।