ਚੰਡੀਗੜ੍ਹ : ਸੂਬੇ ਵਿੱਚ ਕੋਵਿਡ ਕੇਸਾਂ ਦੀ ਘਟਦੀ ਗਿਣਤੀ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਆਮ ਓ.ਪੀ.ਡੀ. ਸੇਵਾਵਾਂ ਅਤੇ ਚੋਣਵੀਆਂ ਸਰਜਰੀਆਂ ਵਿਆਪਕ ਇਹਤਿਆਤਾਂ ਦੇ ਨਾਲ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਮਹਾਂਮਾਰੀ ਦੀ ਦੂਜੀ ਲਹਿਰ ਦੀ ਸੰਭਾਵਨਾ ਨੂੰ ਦੇਖਦਿਆਂ ਅਵੇਸਲੇ ਨਾ ਹੋਣ ਬਾਰੇ ਸਾਵਧਾਨ ਵੀ ਕੀਤਾ। ਮੁੱਖ ਮੰਤਰੀ ਨੇ 19 ਅਕਤੂਬਰ (ਸੋਮਵਾਰ) ਤੋਂ ਸਰਕਾਰੀ ਸਕੂਲ ਵੀ ਖੋਲਣ ਦੀ ਆਗਿਆ ਦਿੱਤੀ ਪਰ ਇਸ ਦੇ ਨਾਲ ਹੀ ਸਕੂਲਾਂ ਦੀ ਪੂਰੀ ਸਾਫ ਸਫਾਈ ਤੇ ਵਿਸ਼ਾਣੂੰ ਮੁਕਤ ਕਰਨ ਦੀ ਪ੍ਰਕਿਰਿਆ, ਮਾਪਿਆਂ ਦੀ ਸਹਿਮਤੀ ਸਣੇ ਸਾਰੀਆਂ ਨਿਰਧਾਰਤ ਸੰਚਾਲਨ ਵਿਧੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਜਿਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਤੇ ਸਕੂਲ ਖੁੱਲ•ਣ ਦੇ ਘੰਟੇ ਵੀ ਨਿਰਧਾਰਤ ਕੀਤੇ ਜਾਣ। ਸੂਬੇ ਵਿੱਚ ਕੁਝ ਪ੍ਰਾਈਵੇਟ ਸਕੂਲ ਅੱਜ ਖੱਲ ਗਏ ਹਨ।
ਸਿਹਤ ਤੇ ਮੈਡੀਕਲ ਮਾਹਿਰਾਂ ਵੱਲੋਂ ਸੂਬੇ ਵਿੱਚ ਤਿਉਹਾਰਾਂ ਦੇ ਸੀਜ਼ਨ ਜਾਂ ਸਰਦੀ ਦੇ ਮਹੀਨਿਆਂ ਦੌਰਾਨ ਮਹਾਂਮਾਰੀ ਦੀ ਦੂਜੀ ਲਹਿਰ ਦੀ ਮਾਰ ਪੈਣ ਦੀ ਸੰਭਾਵਨਾਂ ਬਾਰੇ ਕੀਤੀ ਚਿਤਾਵਨੀ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਸਥਿਤੀਆਂ ਕੰਟੋਰਲ ਵਿੱਚ ਰੱਖਣਾ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇ ਜਾਣ। ਉਨ੍ਹਾਂ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਮਾਰਕੀਟ ਕਮੇਟੀਆਂ ਦੇ ਨਾਲ ਮਿਲ ਕੇ ਵੱਡੇ ਪੱਧਰ 'ਤੇ ਮਾਸਕ ਵੰਡਣ, ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਵਿੱਥ ਦੇ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ।
ਮੁੱਖ ਮੰਤਰੀ ਜੋ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਵਿਭਾਗਾਂ ਨੂੰ ਆਖਿਆ ਕਿ ਮੈਡੀਕਲ ਸਟਾਫ ਨੂੰ ਪ੍ਰੇਰਿਤ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਤਕਨੀਸ਼ੀਅਨਾਂ ਆਦਿ ਦੀਆਂ ਖਾਲੀ ਅਸਾਮੀਆਂ ਤੁਰੰਤ ਭਰ ਲਈਆਂ ਜਾਣ ਤਾਂ ਜੋ ਮਹਾਂਮਾਰੀ ਦੀ ਸਥਿਤੀ ਦੌਰਾਨ ਆਮ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਸੁਚਾਰੂ ਤਰੀਕੇ ਨਾਲ ਕੀਤੀਆਂ ਜਾ ਸਕਣ। ਸਿਹਤ ਤੇ ਮੈਡੀਕਲ ਖੋਜ ਵਿਭਾਗ ਦੇ ਸਕੱਤਰਾਂ ਨੇ ਮੁੱਖ ਮੰਤਰੀ ਨੂੰ ਓ.ਪੀ.ਡੀਜ਼, ਵਾਰਡ, ਆਪ੍ਰੇਸ਼ਨ ਥਿਏਟਰ ਵਿੱਚ ਇਹਤਿਆਤ ਯਕੀਨੀ ਬਣਾਏ ਰੱਖਣ ਲਈ ਸਾਰੇ ਕਦਮ ਚੁੱਕੇ ਜਾਣਗੇ ਅਤੇ ਨਿਰਧਾਰਤ ਸੰਚਾਲਨ ਵਿਧੀ ਅਤੇ ਲਾਗ ਰੋਕਣ ਲਈ ਰੋਕਥਾਮ ਅਤੇ ਨਿਯੰਤਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕੀਤਾ ਜਾਵੇਗਾ।