ਫਰਿਜ਼ਨੋ: ਅਮਰੀਕਾ ਵਿਚ ਹਰ ਸਾਲ ਜੂਨ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਹਰੀਕੇਨ ਭਾਵ ਚੱਕਰਵਰਤੀ ਤੂਫ਼ਾਨ ਦਾ ਡਰ ਬਣਿਆ ਰਹਿੰਦਾ ਹੈ। ਅਜੇ ਛੇ ਹਫ਼ਤੇ ਪਹਿਲਾਂ ਅਮਰੀਕਾ 'ਚ ਲੌਰਾ ਤੂਫਾਨ ਨੇ ਭਾਰੀ ਤਬਾਹੀ ਮਚਾਈ ਸੀ ਅਤੇ ਹੁਣ ਡੈਲਟਾ ਤੂਫ਼ਾਨ ਇਕ ਟਰਾਪੀਕਲ ਤੂਫ਼ਾਨ (ਗਰਮ ਖੰਡੀ) ਵਿਚ ਤਬਦੀਲ ਹੋ ਚੁੱਕਾ ਹੈ। ਸ਼ੁੱਕਰਵਾਰ ਸ਼ਾਮ ਨੂੰ ਲੂਸੀਆਨਾ ਦੇ ਕ੍ਰੀਓਲ ਵੱਲ ਆਏ ਤੂਫਾਨ ਨੇ ਰਾਹ ਵਿਚ ਲਗਭਗ 11 ਮਿਲੀਅਨ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਕੀਤਾ ਅਤੇ ਸ਼ਨੀਵਾਰ ਸਵੇਰੇ ਤੱਕ ਟੈਕਸਾਸ, ਲੂਸੀਆਨਾ ਅਤੇ ਮਿਸੀਸਿਪੀ ਵਿਚ 7 ਲੱਖ ਤੋਂ ਵੱਧ ਲੋਕਾਂ ਦੇ ਘਰਾਂ ਤੇ ਦਫ਼ਤਰਾਂ ਦੀ ਬਿਜਲੀ ਗੁੱਲ ਹੋ ਗਈ। ਡੈਲਟਾ ਤੂਫਾਨ ਕੈਟਾਗਰੀ 1 ਹੈਰੀਕੇਨ ਦੇ ਰੂਪ ਵਿਚ 100 ਮੀਲਪ੍ਰਤੀ ਘੰਟੇ ਦੀ ਰਫ਼ਤਾਰ ਦੀ ਹਨ੍ਹੇਰੀ ਅਤੇ ਭਾਰੀ ਮੀਂਹ ਨਾਲ ਆਇਆ।
ਇਹ ਵੀ ਪੜ੍ਹੋ : ਜਨਵਰੀ ਦੀ ਸ਼ੁਰੂਆਤ 'ਚ ਆ ਸਕਦੈ ਕੋਰੋਨਾ ਵਾਇਰਸ ਦਾ ਟੀਕਾ : ਅਮਰੀਕਾ
ਇਸ ਨੇ ਬਹੁਤ ਸਾਰੇ ਵਪਾਰਕ ਅਦਾਰਿਆਂ ਅਤੇ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਾਇਆ ਫਿਰ ਇਹ ਭਾਰੀ ਹੜ੍ਹ ਅਤੇ ਤਬਾਹੀ ਦੇ ਮੰਜ਼ਰ ਵਿਖਾਉਂਦਾ ਅੱਗੇ ਨਿਕਲ ਗਿਆ। ਕਈ ਘਰਾਂ ਦੀਆਂ ਛੱਤਾਂ 'ਤੇ ਦਰੱਖ਼ਤ ਉੱਖੜ ਕੇ ਡਿੱਗ ਗਏ। ਉਮੀਦ ਕੀਤੀ ਜਾ ਰਹੀ ਹੈ ਕਿ ਡੈਲਟਾ ਤੂਫ਼ਾਨ ਪੱਛਮੀ ਅਤੇ ਉੱਤਰੀ ਮਿਸੀਸਿਪੀ ਦੇ ਪਾਰ ਜਾ ਸਕਦਾ ਹੈ।