ਬੈਂਗਲੁਰੂ, (ਏਜੰਸੀ) : ਸ਼੍ਰੀਲੰਕਾ 'ਚ 8 ਬੰਬ ਧਮਾਕਿਆਂ ਵਿਚ ਹੁਣ ਤੱਕ 290 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਤੋਂ ਵਧ ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ 'ਚ 6 ਭਾਰਤੀ ਨਾਗਰਿਕ ਹਨ। ਫਿਲਹਾਲ ਕਿਸੇ ਅਤਿਵਾਦੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਸ਼ੱਕ ਦੇ ਆਧਾਰ 'ਤੇ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦਸਿਆ ਕਿ ਇਨ੍ਹਾਂ 24 ਲੋਕਾਂ ਨੂੰ ਕੋਲੰਬੋ ਅਤੇ ਉਸ ਦੇ ਨੇੜੇ-ਤੇੜੇ ਦੀਆਂ ਥਾਂਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਧਮਾਕਿਆਂ 'ਚ ਕਰਨਾਟਕ ਦੀ ਸੱਤਾਧਾਰੀ ਪਾਰਟੀ ਜੇ.ਡੀ.ਐੱਸ. (ਜਨਤਾ ਦਲ ਸੈਕਿਊਲਰ) ਦੇ 4 ਨੇਤਾਵਾਂ ਦੀ ਮੌਤ ਹੋ ਗਈ ਹੈ ਅਤੇ 3 ਲਾਪਤਾ ਹਨ। ਇਹ ਨੇਤਾ ਛੁੱਟੀਆਂ ਮਨਾਉਣ ਲਈ ਉੱਥੇ ਗਏ ਸਨ ਅਤੇ ਕੋਲੰਬੋ ਦੇ ਸ਼ਾਂਗਰੀ-ਲਾ-ਹੋਟਲ ਵਿਚ ਰੁਕੇ ਹੋਏ ਸਨ। ਹੁਣ ਤੱਕ ਇਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।
ਇਨ੍ਹਾਂ ਨੇਤਾਵਾਂ ਦੇ ਲਾਪਤਾ ਹੋਣ ਦੀ ਖ਼ਬਰ ਸੁਣ ਕੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਹ ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨਰ ਦੇ ਸੰਪਰਕ 'ਚ ਹਨ ਅਤੇ 4 ਪਾਰਟੀ ਵਰਕਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਕੁਮਾਰਸਵਾਮੀ ਨੇ ਕਿਹਾ, ''ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੁਸ਼ਟੀ ਕੀਤੀ ਹੈ ਕਿ ਕੋਲੰਬੋ ਵਿਚ ਹੋਏ ਧਮਾਕੇ 'ਚ ਕਰਨਾਟਕ ਦੇ 4 ਲੋਕਾਂ ਕੇ.ਜੇ. ਹਨੂੰਮੰਥਰਯੱਪਾ ਅਤੇ ਐੱਮ. ਰੰਗੱਪਾ ਲਕਸ਼ਮਣ ਗੌੜਾ ਰਮੇਸ਼, ਕੇ.ਐੱਮ. ਲਕਸ਼ਮੀਨਾਰਾਇਣ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੈਂ ਜੇ.ਡੀ.ਐੱਸ. ਨੇਤਾਵਾਂ ਦੀ ਮੌਤ ਨਾਲ ਸਦਮੇ ਵਿਚ ਹਨ, ਜਿਨ੍ਹਾਂ ਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ ਸੀ।
ਦੁਖ ਦੀ ਇਸ ਘੜੀ ਵਿਚ ਅਸੀਂ ਉਨ੍ਹਾਂ ਦੇ ਪਰਵਾਰ ਨਾਲ ਖੜ੍ਹੇ ਹਾਂ। ਅਤਿਵਾਦੀ ਹਮਲੇ ਤੋਂ ਬਾਅਦ 7 ਲਾਪਤਾ ਲੋਕਾਂ ਵਿਚੋਂ 4 ਨੂੰ ਮ੍ਰਿਤ ਐਲਾਨ ਕਰ ਦਿਤਾ ਗਿਆ ਹੈ।'' ਉਨ੍ਹਾਂ ਨੇ ਦਸਿਆ ਕਿ ਤਿੰਨ ਹੋਰ ਵਰਕਰ ਬੰਬ ਧਮਾਕਿਆਂ ਦੇ ਬਾਅਦ ਤੋਂ ਲਾਪਤਾ ਹਨ ਅਤੇ ਇਨ੍ਹਾਂ ਵਿਚ ਐੱਚ. ਸ਼ਿਵੁਕੁਮਾਰ, ਏ. ਮਾਰੇਗੌੜਾ ਅਤੇ ਐੱਚ. ਪੁੱਤਾਰਾਜੂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਈਸਟਰ ਮੌਕੇ ਸ਼੍ਰੀਲੰਕਾ 'ਚ 8 ਲੜੀਵਾਰ ਧਮਾਕਿਆਂ 'ਚ 290 ਲੋਕਾਂ ਦੀ ਮੌਤ ਹੋ ਗਈ ਅਤੇ 500 ਤੋਂ ਵਧ ਜ਼ਖਮੀ ਹੋਏ ਹਨ। ਇਨ੍ਹਾਂ ਧਮਾਕਿਆਂ ਨੂੰ ਪਿਛਲੇ ਇਕ ਦਹਾਕੇ ਦਾ ਸਭ ਤੋਂ ਖ਼ਤਰਨਾਕ ਹਮਲਾ ਮੰਨਿਆ ਜਾ ਰਿਹਾ ਹੈ।