Friday, November 22, 2024
 

ਚੰਡੀਗੜ੍ਹ / ਮੋਹਾਲੀ

ਸਿੱਖਿਆ ਮੰਤਰੀ ਸਿੰਗਲਾ ਨੇ ਕੀਤਾ ਸਪੱਸ਼ਟ : ਸਕੂਲ ਖੋਲ੍ਹਣ ਦਾ ਹਾਲੇ ਨਹੀਂ ਲਿਆ ਕੋਈ ਫ਼ੈਸਲਾ

October 07, 2020 09:50 PM
ਚੰਡੀਗੜ : ਕੋਰੋਨਾ ਕਾਰਨ ਬੰਦ ਪਏ ਸਾਰੇ ਸਕੂਲਾਂ ਨੂੰ 15 ਅਕਤੂਬਰ ਤੋਂ ਖੋਲ੍ਹਣ ਦੀਆਂ ਖਬਰਾਂ ਨੂੰ ਅਫਵਾਹਾਂ ਦੱਸਦੇ ਹੋਏ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਖੋਲਣ ਸਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਖੋਲਣ ਸਬੰਧੀ ਗ੍ਰਹਿ ਵਿਭਾਗ ਤੋਂ ਪ੍ਰਾਪਤ ਪੱਤਰ ਦੇ ਜਵਾਬ ਵਿਚ ਆਪਣੇ ਸੁਝਾਅ ਦੇ ਦਿੱਤੇ ਹਨ।
 ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਨੂੰ ਖੋਲਣ ਸਬੰਧੀ ਆਖ਼ਰੀ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸਾਰੇ ਇਹਤਿਆਤ ਦੀ ਸਮੀਖਿਆ ਤੋਂ ਬਾਅਦ ਲਿਆ ਜਾਵੇਗਾ।  ਸਿੰਗਲਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਰਾਹੀਂ 15 ਅਕਤੂਬਰ ਤੋਂ ਸਕੂਲਾਂ ਵਿੱਚ ਕੁਝ ਗਤੀਵਿਧੀਆਂ ਨੂੰ ਮੁੜ ਖੋਲਣ ਸਬੰਧੀ ਮੰਗੀਆਂ ਟਿੱਪਣੀਆਂ ਦੇ ਜਵਾਬ ਵਿੱਚ ਸਕੂਲ ਸਿੱਖਿਆ ਸਕੱਤਰ ਨੇ ਦੱਸਿਆ ਹੈ ਕਿ ਸਕੂਲ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਖੋਲੇ ਜਾ ਸਕਦੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਕੂਲਾਂ ਨੂੰ ਮੁੜ ਖੋਲਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸੂਬਿਆਂ ਤੋਂ ਰੋਜ਼ਾਨਾ ਆਧਾਰ ‘ਤੇ ਰਿਪੋਰਟਾਂ ਲਈਆਂ ਜਾ ਰਹੀਆਂ ਹਨ। 
ਸਿੱਖਿਆ ਮੰਤਰੀ ਨੇ ਕਿਹਾ ਕਿ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਰਾਜ ਵਿਚ ਸਕੂਲ ਖੋਲਣ ਦੀ ਸਥਿਤੀ ਦੌਰਾਨ ਵਿਚਾਰੀ ਜਾਣ ਵਾਲੀ ਨਿਰਧਾਰਤ ਕਾਰਜ ਪ੍ਰਣਾਲੀ (ਐਸ.ਓ.ਪੀਜ਼) ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਜਿਸ ਤਹਿਤ ਦੱਸਿਆ ਗਿਆ ਹੈ ਕਿ ਸਕੂਲ ਸਿਰਫ਼ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਤੇ ਕੇਵਲ ਤਿੰਨ ਘੰਟਿਆਂ ਲਈ ਖੋਲੇ ਜਾ ਸਕਦੇ ਹਨ। ਜਿਥੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਵੇ, ਉੱਥੇ ਅਧਿਆਪਕਾਂ ਨੂੰ ਤਿੰਨ ਘੰਟਿਆਂ ਲਈ ਦੋ ਸ਼ਿਫਟਾਂ ਵਿਚ ਬੁਲਾਇਆ ਜਾ ਸਕਦਾ ਹੈ। ਸਕੂਲ ਖੋਲਣ ਸਮੇਂ ਸਾਰੇ ਸੁਰੱਖਿਆ ਉਪਾਅ/ਸੈਨੀਟਾਈਜ਼ੇਸ਼ਨ ਆਦਿ ਦੀ ਪਾਲਣਾ ਕੀਤੀ ਜਾਵੇਗੀ ਜਿਵੇਂ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਵਿੱਚ ਆਪਸੀ ਦੂਰੀ ਬਰਕਰਾਰ ਰੱਖਣਾ, ਸੈਨੀਟਾਈਜ਼ ਕਰਨਾ ਆਦਿ। ਇਸੇ ਤਰਾਂ ਕਲਾਸਾਂ ਵਿਚ ਔਸਤਨ 20 ਤੋਂ ਵੱਧ ਵਿਦਿਆਰਥੀ ਨਹੀਂ ਆਉਣਗੇ।
 

Have something to say? Post your comment

Subscribe