ਕੋਲੱਮ : ਕੇਰਲ ਦੇ ਕੋਲੱਮ ਜ਼ਿਲ੍ਹੇ 'ਚ ਇਕ ਦਰਦਨਾਕ ਘਟਨਾ ਦੇਖਣ ਨੂੰ ਮਿਲੀ। ਇੱਥੇ ਇਕ ਡਾਕਟਰ ਨੇ ਸਰਜਰੀ ਦੌਰਾਨ 7 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਡਾਕਟਰ ਨੂੰ ਉਸ ਦਾ ਕਸੂਰਵਾਰ ਦੱਸ ਕੇ ਹਮਲਾ ਕੀਤਾ ਜਾ ਰਿਹਾ ਹੈ। ਇਸੇ ਗੱਲ ਤੋਂ ਦੁਖ਼ੀ ਹੋ ਕੇ ਡਾਕਟਰ ਨੇ ਬਾਥਰੂਮ ਦੀ ਕੰਧ 'ਤੇ 'ਸੌਰੀ' ਲਿਖ ਕੇ ਖ਼ੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਕੋਲੱਮ 'ਚ 35 ਸਾਲਾ ਆਰਥੋਪੀਡਿਕ ਸਰਜਨ ਡਾਕਟਰ ਅਨੂਪ ਕ੍ਰਿਸ਼ਨਾ ਨੇ ਥੋੜ੍ਹੇ ਦਿਨ ਪਹਿਲਾਂ ਹੀ 7 ਸਾਲਾ ਇਕ ਬੱਚੀ ਦੀ ਸਰਜਰੀ ਕਰਨ 'ਤੇ ਸਹਿਮਤੀ ਜਤਾਈ ਸੀ। ਸਰਜਰੀ ਦੌਰਾਨ ਬੱਚੀ ਨੂੰ ਐਨੇਸਥੀਸੀਆ ਦਿੱਤਾ ਗਿਆ। ਹਾਲਾਂਕਿ, ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਕੋਲੱਮ ਮੈਡੀਕਲ ਕਾਲਜ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਬੱਚੀ ਦੀ ਮੌਤ ਤੋਂ ਬਾਅਦ ਡਾਕਟਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਹਸਪਤਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ।
ਅਨੂਪ ਆਪਣੇ ਪਿੱਛੇ ਪਤਨੀ ਅਤੇ ਛੋਟੇ ਬੇਟੇ ਨੂੰ ਛੱਡ ਗਏ ਹਨ। ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਨੂੰ ਬੱਚੀ ਦੇ ਕਤਲ ਦਾ ਦੋਸ਼ੀ ਮੰਨ ਕੇ ਪੋਸਟਾਂ ਪਾਈਆਂ ਜਾ ਰਹੀਆਂ ਸਨ। ਉੱਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ 'ਚ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।