Tuesday, November 12, 2024
 

ਚੰਡੀਗੜ੍ਹ / ਮੋਹਾਲੀ

ਕੈਬਨਿਟ ਮੰਤਰੀ ਬਾਜਵਾ ਨੇ ਸੁਖਬੀਰ ਬਾਦਲ ਤੋਂ ਅਸਤੀਫਾ ਮੰਗਿਆ

September 28, 2020 08:09 AM

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਆਪਣੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਪਾਰਟੀ ਮੋਦੀ ਸਰਕਾਰ ਵਿਚ ਲੰਬੇ ਸਮੇਂ ਤੋਂ ਭਾਈਵਾਲ ਹੋਣ ਦੇ ਬਾਵਜੂਦ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਬੁਰੀ ਤਰਾਂ ਫੇਲ੍ਹ ਹੋਈ ਹੈ। ਇਹ ਗੱਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਹੀ ਹੈ।

ਮੋਦੀ ਸਰਕਾਰ 'ਚ ਲੰਬੇ ਸਮੇਂ ਭਾਈਵਾਲ ਹੋਣ ਦੇ ਬਾਵਜੂਦ ਅਕਾਲੀ ਦਲ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ 'ਚ ਅਸਫਲ-ਸੁਖਬੀਰ ਬਾਦਲ

ਐਤਵਾਰ ਨੂੰ ਜਾਰੀ ਬਿਆਨ ਰਾਹੀਂ ਬਾਜਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਕੇ ਕੌਮੀ ਜਮਹੂਰੀ ਗਠਜੋੜ ਵਿਚੋਂ ਬਾਹਰ ਆਉਣ ਦਾ ਫੈਸਲਾ ਦਰਅਸਲ ਅਕਾਲ਼ੀ ਦਲ ਦਾ ਕਬੂਲਨਾਮਾ ਹੈ ਕਿ ਉਹ ਹੁਣ ਤੱਕ ਮੁਲਕ ਵਿਚ ਹਕੀਕੀ ਫੈਡਰਲ ਢਾਂਚਾ ਲਾਗੂ ਕਰਨ, ਰਾਇਪੇਰੀਅਨ ਸਿਧਾਂਤ ਤੇ ਬੇਸਨ ਸਿਧਾਂਤ ਅਨੁਸਾਰ ਦਰਿਆਈ ਪਾਣੀਆਂ ਦੀ ਵੰਡ ਕਰਨ, ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਦੇਣ ਅਤੇ ਸਜ਼ਾਵਾਂ ਭੁਗਤਣ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲਾਂ ਵਿਚ ਸੜ ਰਹੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਲੜਾਈ ਲੜਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਆਪਣੇ ਨਿੱਜੀ ਹਿੱਤਾਂ ਦੀ ਹੀ ਪੂਰਤੀ ਤੱਕ ਹੀ ਸੀਮਤ ਰਹੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਕਿਸੇ ਅਸੂਲਪ੍ਰਸਤੀ ਜਾਂ ਨੈਤਿਕਤਾ ਵਿਚੋਂ ਨਹੀਂ ਤੋੜਿਆ ਸਗੋਂ ਸਿਆਸੀ ਮਜ਼ਬੂਰੀ ਕਾਰਨ ਤੋੜਿਆ ਹੈ ਕਿਉਂਕਿ ਪੰਜਾਬੀਆਂ ਨੇ 25 ਸਤੰਬਰ ਨੂੰ ਅਕਾਲੀ ਦਲ ਵਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕਰ ਕੇ ਇਹ ਦਰਸਾ ਦਿੱਤਾ ਕਿ ਉਹ ਹੁਣ ਅਕਾਲੀਆਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸੱਤਵੇਂ ਅਸਮਾਨ ਚੜ੍ਹੇ ਰੋਹ ਅਤੇ ਜੋਸ਼ ਨੇ ਅਕਾਲੀ ਲੀਡਰਸ਼ਿਪ ਦੀ ਹੋਸ਼ ਟਿਕਾਣੇ ਲਿਆਂਦੀ ਅਤੇ ਉਸ ਨੂੰ ਮਜ਼ਬੂਰਨ ਕਿਸਾਨ ਮਾਰੂ ਬਿਲਾਂ ਦੀ ਹਿਮਾਇਤ ਦਾ ਪਿਛਲੇ ਚਾਰ ਮਹੀਨਿਆਂ ਤੋਂ ਅਲਾਪਿਆ ਜਾ ਰਿਹਾ ਘਰਾਟ ਰਾਗ ਛੱਡ ਕੇ ਮੋਦੀ ਸਰਕਾਰ ਵਿਚੋਂ ਵੀ ਬਾਹਰ ਆਉਣਾ ਪਿਆ ਅਤੇ ਭਾਜਪਾ ਨਾਲੋਂ ਵੀ ਆਪਣਾ ''ਨਹੁੰ-ਮਾਸ ਵਾਲਾ ਰਿਸ਼ਤਾ'' ਤੋੜਣਾ ਪਿਆ।

ਅਕਾਲੀ ਦਲ ਦੀ ਹਾਲਤ ਹੁਣ ''ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਹੂਏ'' ਵਾਲੀ ਹੋ ਗਈ ਹੈ। ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸਿਆਸੀ ਦੋਗਲੀ ਰਾਜਨੀਤੀ ਜਦੋਂ ਹੁਣ ਖੇਤੀ ਬਿਲਾਂ ਦੇ ਮਾਮਲੇ ਉੱਤੇ ਬਿਲਕੁਲ ਹੀ ਬੇਪਰਦ ਹੋ ਗਈ ਤਾਂ ਇਸ ਉੱਤੇ ਮੁੜ ਪਰਦਾਪੋਸ਼ੀ ਕਰਨ ਲਈ ਹੀ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਨੇ ਪਹਿਲਾਂ ਮੋਦੀ ਸਰਕਾਰ ਵਿਚੋਂ ਬਾਹਰ ਆਉਣ ਅਤੇ ਹੁਣ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਣ ਦਾ ਫੈਸਲਾ ਕਰਨ ਦੇ ਪਾਪੜ ਵੇਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਖੇਤੀ ਆਰਡੀਨੈਂਸ ਦੇ ਹੱਕ ਵਿਚ ਬਿਆਨ ਦੁਆ ਕੇ ਉਨ੍ਹਾਂ ਦੇ ਵਕਾਰ ਨੂੰ ਢਾਹ ਲਾਈ।

 

Have something to say? Post your comment

Subscribe