ਚੰਡੀਗੜ੍ਹ : ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਤਿੰਨੇ ਖੇਤੀ ਬਿਲਾਂ 'ਤੇ ਦਸਤਖਤ ਕਰ ਦਿੱਤੇ ਗਏ ਹਨ। ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਣ ਨਾਲ ਹੁਣ ਇਹ ਬਿੱਲ ਕਨੂੰਨ ਬਣ ਗਏ ਹਨ। ਬਿੱਲਾਂ ਦੇ ਭਾਰੀ ਵਿਰੋਧ ਦੇ ਚੱਲਦਿਆਂ ਰਾਸ਼ਟਰਪਤੀ ਵਲੋਂ ਮਨਜ਼ੂਰੀ ਦੇਣ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ 'ਚ ਨਰਾਜ਼ਗੀ ਵਧ ਗਈ ਹੈ ਕਿਉਂਕਿ ਰਾਸ਼ਟਰਪਤੀ ਨੂੰ ਬਿੱਲਾਂ ਨੂੰ ਮਨਜ਼ੂਰ ਨਾ ਕਰਨ ਦੀਆਂ ਕਈ ਅਪੀਲਾਂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਰਾਸ਼ਟਰਪਤੀ ਵਲੋਂ ਜੰਮੂ ਕਸ਼ਮੀਰ ਰਾਜ ਭਾਸ਼ਾ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਵਿੱਚ ਪੰਜਾਬੀ ਸਮੇਤ ਕਈ ਹੋਰ ਭਾਸ਼ਾਵਾਂ ਨੂੰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੀ ਸਰਕਾਰੀ ਭਾਸ਼ਾ ਸੂਚੀ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਸ਼ਟਰਪਤੀ ਨੇ ਬਿੱਲਾਂ 'ਤੇ ਦਸਤਖਤ ਕਰ ਕੇ ਲੋਕਾਂ ਦੀ ਅਵਾਜ਼ ਨੂੰ ਨਕਾਰਿਆ ਹੈ। ਉਨਾਂ ਨੇ ਇਸ ਦਿਨ ਨੂੰ ਦੇਸ਼ ਲਈ ਕਾਲਾ ਦਿਨ ਕਰਾਰ ਦਿੱਤਾ ਹੈ।