ਮੁੰਬਈ : ਉੱਘੇ ਫ਼ਿਲਮੀ ਗਾਇਕ ਐੱਸ. ਪੀ. ਬਾਲਾਸੁਬ੍ਰਮਨੀਅਮ ਦੀ ਹਾਲਤ ਨਾਜ਼ੁਕ ਹੈ। ਕੋਰੋਨਾ ਪਾਜ਼ੇਟਿਵ ਪਾਏ ਜਾਣ ਪਿੱਛੋਂ ਉਹ 5 ਅਗਸਤ ਤੋਂ ਹਸਪਤਾਲ ਦਾਖ਼ਲ ਹਨ। ਡਾਕਟਰਾਂ ਅਨੁਸਾਰ ਵੀਰਵਾਰ ਨੂੰ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਉਹ ਵੈਂਟੀਲੇਟਰ 'ਤੇ ਹਨ। ਡਾਕਟਰਾਂ ਅਨੁਸਾਰ ਉਨ੍ਹਾਂ ਦਾ ਕੋਰੋਨਾ ਟੈਸਟ ਹੁਣ ਨੈਗੇਟਿਵ ਆਇਆ ਹੈ। ਦੱਸ ਦਈਏ ਕਿ ਸ਼ੁਰੂਆਤ 'ਚ ਐੱਸ. ਪੀ. ਬਾਲਾਸੁਬ੍ਰਮਨੀਅਮ 'ਚ ਕੋਵਿਡ-19 ਦੇ ਹਲਕੇ ਲੱਛਣ ਸਨ, ਫ਼ਿਰ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਸੀ ਪਰ ਵੀਰਵਾਰ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਜਿਸ ਕਰਕੇ ਉਨ੍ਹਾਂ ਨੂੰ ਆਈ. ਸੀ. ਯੂ. 'ਚ ਸ਼ਿਫਟ ਕਰ ਦਿੱਤਾ ਗਿਆ ਅਤੇ ਹੁਣ ਉਹ ਵੈਂਟੀਲੇਟਰ 'ਤੇ ਹਨ।
ਦੱਸਣਯੋਗ ਹੈ ਕਿ ਜਦੋਂ ਐੱਸ. ਪੀ. ਬਾਲਾਸੁਬ੍ਰਮਨੀਅਮ ਦੀ ਸਿਹਤ 'ਚ ਸੁਧਾਰ ਹੋ ਰਿਹਾ ਸੀ, ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਜਲਦੀ ਠੀਕ ਹੋ ਜਾਵਾਂਗਾ। ਵੀਡੀਓ 'ਚ ਐੱਸ. ਪੀ. ਬਾਲਾਸੁਬ੍ਰਮਨੀਅਮ ਨੇ ਦੱਸਿਆ ਸੀ ਕਿ ਪਿਛਲੇ ਕਈ ਦਿਨਾਂ ਤੋਂ ਮੇਰੀ ਛਾਤੀ 'ਚ ਦਰਦ ਸੀ ਅਤੇ ਗਲ਼ੇ 'ਚ ਹਲਕੀ ਜਿਹੀ ਕਫ਼ ਜੰਮ ਰਹੀ ਸੀ। ਐੱਸ. ਪੀ. ਬਾਲਾਸੁਬ੍ਰਮਨੀਅਮ ਦੀ ਸਿਹਤ ਲਈ ਹਰ ਕੋਈ ਕਾਮਨਾ ਕਰ ਰਿਹਾ ਹੈ। ਦੱਸ ਦਈਏ ਕਿ ਹਾਲ ਹੀ 'ਚ ਐੱਸ. ਪੀ. ਬਾਲਾਸੁਬ੍ਰਮਨੀਅਮ ਨੇ ਕੋਰੋਨਾ 'ਤੇ ਇੱਕ ਗੀਤ ਵੀ ਤਿਆਰ ਕੀਤਾ ਸੀ ਅਤੇ ਲੋਕਾਂ ਨੂੰ ਇਸ ਆਫ਼ਤ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਸੀ। ਇਹ ਗਾਣਾ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋਇਆ ਸੀ।