ਨਵੀਂ ਦਿੱਲੀ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇੱਕ ਫ੍ਰੀਲਾਂਸ ਜਰਨਲਿਸਟ ਰਾਜੀਵ ਸ਼ਰਮਾ, ਚੀਨੀ ਔਰਤ ਕਿੰਗ ਸ਼ੀ ਅਤੇ ਨੇਪਾਲੀ ਨਾਗਰਿਕ ਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜੀਵ 'ਤੇ ਚੀਨੀ ਇੰਟੈਲੀਜੈਂਸ ਨੂੰ ਖੁਫ਼ੀਆ ਜਾਣਕਾਰੀ ਦੇਣ ਦਾ ਦੋਸ਼ ਹੈ। ਕਿੰਗ ਸ਼ੀ ਅਤੇ ਸ਼ੇਰ ਸਿੰਘ ਨੇ ਸ਼ੇਲ ਕੰਪਨੀਆਂ ਜ਼ਰੀਏ ਰਾਜੀਵ ਨੂੰ ਵੱਡੀ ਮਾਤਰਾ 'ਚ ਪੈਸੇ ਦਿੱਤੇ ਸਨ। ਚੀਨੀ ਖੁਫ਼ੀਆ ਵਿਭਾਗ ਨੇ ਪੈਸੇ ਦੇ ਬਦਲੇ ਰਾਜੀਵ ਸ਼ਰਮਾ ਨੂੰ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਾਉਣ ਦਾ ਕੰਮ ਸੌਂਪਿਆ ਸੀ। ਦਿੱਲੀ ਪੁਲਸ ਦੀ ਸਪੈਸ਼ਲ ਸੈਲ ਦੇ ਡੀ ਸੀ ਪੀ ਸੰਜੀਵ ਕੁਮਾਰ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਰਾਜੀਵ ਸ਼ਰਮਾ ਨੇ ਪਿਛਲੇ ਢੇਡ ਸਾਲ 'ਚ 40 ਲੱਖ ਰੁਪਏ ਕਮਾਏ ਸਨ। ਰਾਜੀਵ ਸ਼ਰਮਾ ਨੂੰ ਹਰੇਕ ਸੂਚਨਾ ਦੇ ਬਦਲੇ 1000 ਡਾਲਰ ਮਿਲਦੇ ਸਨ।
ਜਾਣਕਾਰੀ ਅਨੁਸਾਰ ਸਪੈਸ਼ਲ ਸੈੱਲ ਨੇ ਰਾਜੀਵ ਸ਼ਰਮਾ ਨੂੰ ਉਨ੍ਹਾਂ ਦੇ ਪੀਤਮਪੁਰਾ ਦੇ ਘਰ ਤੋਂ ਆਫੀਸ਼ੀਅਲ ਸੀਕ੍ਰੇਟ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਰਾਜੀਵ ਦੇ ਕੋਲ ਡਿਫੈਂਸ ਨਾਲ ਜੁੜੇ ਬੇਹੱਦ ਗੁਪਤ ਦਸਤਾਵੇਜ਼ ਬਰਾਮਦ ਹੋਏ ਹਨ। ਪੁਲਸ ਮੁਤਾਬਿਕ ਰਾਜੀਵ ਸ਼ਰਮਾ ਨੂੰ 14 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਗਲੇ ਦਿਨ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ 6 ਦਿਨ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਹੁਣ 22 ਸਤੰਬਰ ਨੂੰ ਪਟਿਆਲਾ ਹਾਊਸ ਕੋਰਟ 'ਚ ਉਸ ਦੀ ਜ਼ਮਾਨਤ 'ਤੇ ਸੁਣਵਾਈ ਹੋਵੇਗੀ। ਇਨ੍ਹਾਂ ਕੋਲੋਂ ਕਈ ਮੋਬਾਇਲ, ਲੈਪਟਾਪ ਅਤੇ ਹੋਰ ਸਮਗਰੀ ਵੀ ਬਰਾਮਦ ਕੀਤੀ ਗਈ ਹੈ। ਰਾਜੀਵ ਸ਼ਰਮਾ ਯੂਨਾਈਟਿਡ ਨਿਊਜ਼ ਆਫ਼ ਇੰਡੀਆ ਤੇ ਹੋਰ ਮੀਡੀਆ ਸੰਸਥਾਵਾਂ ਲਈ ਕੰਮ ਚੁੱਕੇ ਹਨ।