ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਸੈਸ਼ਨ ਦਾ ਮੰਗਲਵਾਰ ਨੂੰ ਦੂਜਾ ਦਿਨ ਹੈ। ਸੈਸ਼ਨ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨਾਲ ਜਾਰੀ ਤਣਾਅ 'ਤੇ ਸੰਸਦ 'ਚ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੌਰਾ ਕਰ ਕੇ ਸਾਡੇ ਜਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਡੇ ਵੀਰ ਜਵਾਨਾਂ ਨਾਲ ਖੜ੍ਹੇ ਹੋਣ ਦਾ ਸੰਦੇਸ਼ ਜਵਾਨਾਂ ਨੂੰ ਦਿਤਾ ਸੀ। ਮੈਂ ਵੀ ਲੱਦਾਖ ਜਾ ਕੇ ਆਪਣੇ ਯੂਨਿਟ ਨਾਲ ਸਮਾਂ ਬਿਤਾਇਆ ਸੀ ਤੇ ਉਨ੍ਹਾਂ ਦੇ ਹੌਂਸਲੇ ਨੂੰ ਵੀ ਮਹਿਸੂਸ ਕੀਤਾ ਸੀ। ਕਰਨਲ ਸੰਤੋਸ਼ ਮਾਂ ਭੂਮੀ ਦੀ ਰਖਿਆ ਕਰਦੇ ਹੋਏ ਸ਼ਹੀਦ ਹੋਏ।
ਵਿਰੋਧੀ ਧਿਰ ਦੁਆਰਾ ਸਰਕਾਰ 'ਤੇ ਦਬਾਅ ਬਣਾਇਆ ਗਿਆ ਕਿ ਸਰਕਾਰ ਚੀਨ ਦੇ ਮੁੱਦੇ 'ਤੇ ਅਧਕਾਰਤ ਬਿਆਨ ਦੇਵੇ। ਇਸ ਨੂੰ ਦੇਖਦੇ ਹੋਏ ਰਖਿਆ ਮੰਤਰੀ ਰਾਜਨਾਥ ਸਿੰਘ ਚੀਨ ਸਰਹੱਦ 'ਤੇ ਕੀ ਹਾਲਾਤ ਹਨ, ਇਸ ਤੋਂ ਦੇਸ਼ ਨੂੰ ਜਾਣੂ ਕਰਵਾਉਣ।ਇਸ ਤੇ ਰਾਜਨਾਥ ਨੇ ਕਿਹਾ ਕਿ ਚੀਨ ਨਾਲ ਸਰਹੱਦੀ ਵਿਵਾਦ ਸ਼ਾਂਤੀਪੂਰਨ ਗਲਬਾਤ ਰਾਹੀਂ ਹੀ ਕਢਿਆ ਜਾ ਸਕਦਾ ਹੈ। ਇਹ ਜਟਿਲ ਮੁੱਦਾ ਹੈ। ਅਸਲ ਕੰਟਰੋਲ ਰੇਖਾ (ਐਲ. ਏ. ਸੀ.) ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਪੱਖ ਵਖਰੇ ਹਨ। ਐਲ. ਸੀ. ਏ. 'ਤੇ ਸ਼ਾਂਤੀਪੂਰਨ ਹੱਲ ਕੱਢਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਚੀਨ ਦੀ ਹਰਕਤ ਸਾਨੂੰ ਮਨਜ਼ੂਰ ਨਹੀਂ ਹੈ।ਚੀਨ ਨੇ ਐਲ.ਏ.ਸੀ ਅਤੇ ਨੇੜਲੇ ਖੇਤਰਾਂ ਵਿਚ ਭਾਰੀ ਮਾਤਰਾ 'ਚ ਗੋਲਾ ਬਰੂਦ ਜਮਾਂ ਕੀਤਾ ਹੈ ਪਰ ਇਸ ਲਈ ਸਾਡੀ ਸੈਨਾ ਵੀ ਪੂਰੀ ਤਰ੍ਹਾਂ ਤਿਆਰ ਹੈ। ਬੀਤੀ 15 ਜੂਨ ਨੂੰ ਪੂਰਬੀ ਲੱਦਾਖ਼ ਦੀ ਗਲਵਾਨ ਘਾਟੀ 'ਚ ਹਿੰਸਕ ਝੜਪ ਹੋਈ ਅਤੇ ਸਾਡੇ ਬਹਾਦਰ ਜਵਾਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ। 29-30 ਅਗਸਤ ਦੀ ਰਾਤ ਨੂੰ ਪੈਂਗੋਗ 'ਤੇ ਸਾਡੀ ਫ਼ੌਜ ਨੂੰ ਉਕਸਾਇਆ ਗਿਆ। ਪਰ ਸਾਡੀ ਫ਼ੌਜ ਨੇ ਚੀਨੀ ਫ਼ੌਜ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ। ਅਪ੍ਰੈਲ 'ਚ ਪੂਰਬੀ ਲੱਦਾਖ਼ 'ਚ ਚੀਨ ਦੀ ਹਲਚਲ ਵਧੀ। ਸਾਡੇ ਬਹਾਦਰ ਜਵਾਨਾਂ ਨੇ ਸੰਜਮ ਵਰਤਿਆ ਅਤੇ ਜਿਥੇ ਬਹਾਦਰੀ ਦੀ ਲੋੜ ਸੀ, ਬਹਾਦਰੀ ਵਰਤੀ। ਸਾਡੇ ਬਹਾਦਰ ਜਵਾਨ ਮੁਸ਼ਕਲ ਹਲਾਤਾਂ 'ਚ ਸਾਰੇ ਦੇਸ਼ ਨੂੰ ਸੁਰੱਖਿਆ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਦੋਹਾਂ ਪੱਖਾਂ ਨੂੰ ਐਲ. ਏ. ਸੀ. ਦਾ ਸਨਮਾਨ ਕਰਨਾ ਚਾਹੀਦਾ ਹੈ।