ਚੰਡੀਗੜ੍ਹ : CBI ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਮਾਮਲੇ 'ਚ ਮੁਅੱਤਲ ਕੀਤੀ ਲੇਡੀ SHO ਜਸਵਿੰਦਰ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਉਹ 5 ਲੱਖ ਰੁਪਏ ਦੀ ਰਿਸ਼ਵਤਖੋਰੀ ਕੇਸ ਵਿੱਚ ਮੁਲਜ਼ਮ ਹੈ। ਲੇਡੀ SHO ਤੇ ਉਸ ਦੇ ਸਾਥੀ ਭਗਵਤਾਨ ਸਿੰਘ ਵਿਰੁੱਧ ਮਨੀਮਾਜਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਤੋਂ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ 29 ਜੂਨ ਨੂੰ ਧਾਰਾ 120 ਬੀ, ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 7 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਗੁਰਦੀਪ ਸਿੰਘ ਨੇ CBI ਨੂੰ ਦੱਸਿਆ ਸੀ ਕਿ ਉਸ ਨੇ ਪਹਿਲਾਂ ਹੀ ਲੇਡੀ SHO ਨੂੰ 2 ਲੱਖ ਰੁਪਏ ਦਿੱਤ ਹਨ ਤਾਂ ਕਿ ਉਸ ਖ਼ਿਲਾਫ਼ ਝੂਠਾ ਧੋਖਾਧੜੀ ਦਾ ਪਰਚਾ ਨਾ ਹੋਵੇ ਪਰ ਉਸ ਤੋਂ ਬਾਅਦ ਲੇਡੀ SHO ਵੱਲੋਂ ਫਿਰ ਤੋਂ ਗੁਰਦੀਪ ਸਿੰਘ ਕੋਲੋਂ 3 ਲੱਖ ਰੁਪਏ ਹੋਰ ਮੰਗੇ ਗਏ ਸਨ।