Friday, November 22, 2024
 

ਰਾਸ਼ਟਰੀ

ਮਨੀਸ਼ ਤਿਵਾੜੀ ਨੇ ਪਾਰਲੀਮੈਂਟ 'ਚ ਚੁਕਿਆ ਜੰਮੂ ਕਸ਼ਮੀਰ 'ਚ ਪੰਜਾਬੀ ਭਾਸ਼ਾ ਦਾ ਮੁੱਦਾ

September 15, 2020 07:22 AM

ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅੱਜ ਪਾਰਲੀਮੈਂਟ ਵਿਚ ਕੇਂਦਰ ਦੀ ਭਾਜਪਾ ਸਰਕਾਰ ਉਪਰ ਉਸਦੇ ਪੰਜਾਬੀ ਵਿਰੋਧੀ ਰਵਈਏ ਲਈ ਵਰ੍ਹਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਪੰਜ ਅਧਿਕਾਰਿਕ ਭਾਸ਼ਾਵਾਂ ਨੂੰ ਨੋਟੀਫ਼ਾਈ ਕਰਦਿਆਂ ਪੰਜਾਬੀ ਨੂੰ ਨਜਰਅੰਦਜ਼ਜ ਕਰ ਕੇ ਪੰਜਾਬੀ ਨਾਲ ਵਿਤਕਰਾ ਕੀਤਾ ਹੈ। ਪਾਰਲੀਮੈਂਟ 'ਚ ਸਪੀਕਰ ਓਮ ਬਿਰਲਾ ਦੀ ਬੈਂਚ ਨੂੰ ਸੰਬੋਧਨ ਕਰਦਿਆਂ ਤਿਵਾੜੀ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1808 ਵਿਚ ਜੰਮੂ ਉਪਰ ਅਪਣਾ ਅਧਿਕਾਰ ਜਮਾਇਆ ਸੀ। ਸੰਨ 1820 ਵਿਚ ਉਨ੍ਹਾਂ ਨੇ ਜੰਮੂ ਦੀ ਜਗੀਰ ਮਹਾਰਾਜਾ ਗੁਲਾਬ ਸਿੰਘ ਦੇ ਪਿਤਾ ਮੀਆਂ ਕਿਸ਼ੋਰ ਸਿੰਘ ਜਾਮਵਾਲ ਨੂੰ ਦਿਤੀ ਸੀ ਜਦਕਿ ਸੰਨ 1822 ਚ ਉਨ੍ਹਾਂ ਨੇ ਖ਼ੁਦ ਮਹਾਰਾਜਾ ਗੁਲਾਬ ਸਿੰਘ ਦਾ ਜੰਮੂ ਦੇ ਰਾਜਾ ਵਜੋਂ ਅਪਣੇ ਹੱਥਾਂ ਨਾਲ ਰਾਜਤਿਲਕ ਕੀਤਾ ਸੀ।

ਕਰੀਬ 200 ਸਾਲਾਂ ਤੋਂ ਜੰਮੂ ਅਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਪੰਜਾਬੀ ਦਾ ਬੋਲਬਾਲਾ ਹੈ। ਜੰਮੂ ਤੇ ਕਸ਼ਮੀਰ 'ਚ ਪੰਜਾਬੀ ਅਤੇ ਉਸ ਦੀਆਂ ਕਈ ਉਪ-ਬੋਲੀਆਂ ਬੋਲੀਆਂ ਜਾਂਦੀਆਂ ਹਨ ਅਤੇ 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ, ਤਾਂ ਵੱਡੀ ਗਿਣਤੀ ਚ ਪੰਜਾਬੀ ਭਾਸ਼ਾਈ ਲੋਕ ਜੰਮੂ ਅਤੇ ਕਸ਼ਮੀਰ 'ਚ ਆ ਕੇ ਵਸ ਗਏ। ਪਰ ਕੇਂਦਰ ਸਰਕਾਰ ਵਲੋਂ 2 ਸਤੰਬਰ, 2020 ਵਿਚ ਨੋਟੀਫ਼ਾਈ ਕੀਤੀਆਂ ਗਈਆਂ ਜੰਮੂ ਕਸ਼ਮੀਰ ਦੀਆਂ ਅਧਿਕਾਰਕ ਭਾਸ਼ਾਵਾਂ ਵਿਚ ਸਿਰਫ਼ ਕਸ਼ਮੀਰੀ, ਡੋਗਰੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਨੂੰ ਸ਼ਾਮਲ ਕਰਦਿਆਂ ਪੰਜਾਬੀ ਨਾਲ ਵਿਤਕਰਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਨੋਟੀਫ਼ਿਕੇਸ਼ਨ ਵਿਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਕੇਂਦਰ ਸ਼ਾਸਤ ਵਿਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਹੈ।

 

Have something to say? Post your comment

 
 
 
 
 
Subscribe