ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸੂਬੇ 'ਚ ਚੰਗੇ ਸਾਸ਼ਨ ਲਈ ਹੱਲਾਸ਼ੇਰੀ ਦਿੰਦੇ ਹੋਏ ਉਨ੍ਹਾਂ ਦੀ ਸਲਾਂਘਾ ਕੀਤੀ ਅਤੇ ਵਿਸ਼ਵਾਸ਼ ਪ੍ਰਗਟਾਇਆ ਕਿ ਜੇ.ਡੀ (ਯੂ) ਪ੍ਰਧਾਨ ਦੀ ਅਗਵਾਈ 'ਚ ਚੰਗਾ ਕੰਮ ਜਾਰੀ ਰਹੇਗਾ।
900 ਕਰੋੜ ਤੋਂ ਵੱਧ ਦੇ ਤਿੰਨ ਪੈਟਰੋਲੀਅਮ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨੇ ਬਿਹਾਰ 'ਚ ਪੈਟਰੋਲੀਅਮ ਖੇਤਰ 'ਚ 900 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਪ੍ਰੋਜੈਕਟਾਂ ਨੂੰ ਵੀਡੀਉ ਕਾਨਫਰੰਸ ਰਾਹੀਂ ਦੇਸ਼ ਨੂੰ ਸੌਂਪਿਆ। ਸੂਬੇ ਦੇ ਵਿਰੋਧੀ ਧਿਰ ਆਰ.ਜੇ.ਡੀ ਅਤੇ ਉਸ ਦੇ ਆਗੂ ਲਾਲੂ ਪ੍ਰਸਾਦ ਯਾਦਵ ਜਾਂ ਪਾਰਟੀ ਦੇ ਸਹਿਯੋਗੀ ਦਲ ਕਾਂਗਰਸ ਵਿਚੋਂ ਕਿਸੇ ਦਾ ਵੀ ਨਾਂ ਨਾ ਲੈਂਦੇ ਹੋਏ ਮੋਦੀ ਨੇ ਸੂਬੇ ਦੇ ਪਛੜੇਪਨ ਲਈ ਉਸ ਸੋਚ ਨੂੰ ਜ਼ਿੰਮੇਦਾਰ ਦਸਿਆ ਜਿਸ 'ਚ ਆਰਥਕ ਤਰੱਕੀ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਗ਼ਰੀਬਾਂ ਦੇ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਸਿਰਫ਼ ਗੱਲਾਂ ਨੂੰ ਹੀ ਕਾਫ਼ੀ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਪੈਟਰੋਲੀਅਮ ਖੇਤਰ ਦੇ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟਾਂ ਵਿਚ ਪਾਰਾਦੀਪ-ਹਲਦੀਆ-ਦੁਰਗਾਪੁਰ ਪਾਈਪਲਾਈਨ ਦਾ ਬਾਂਕਾ ਤਕ ਵਿਸਥਾਰ, ਬਾਂਕਾ ਅਤੇ ਚੰਪਾਰਣ ਜ਼ਿਲ੍ਹੇ 'ਚ 2 LPG ਬਾਟਲਿੰਗ ਪਲਾਂਟ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੈਸ ਪਾਈਪਲਾਈਨ ਪ੍ਰਾਜੈਕਟ ਨਾਲ ਬਿਹਾਰ 'ਚ ਖਾਦ, ਬਿਜਲੀ ਅਤੇ ਇਸਪਾਤ ਖੇਤਰ ਦੇ ਉਦਯੋਗਾਂ ਨੂੰ ਹੱਲਾ-ਸ਼ੇਰੀ ਮਿਲੇਗੀ ਅਤੇ ਸੀ. ਐੱਨ. ਜੀ. ਆਧਾਰਿਤ ਸਵੱਛ ਆਵਾਜਾਈ ਪ੍ਰਣਾਲੀ ਦਾ ਵੀ ਲਾਭ ਹੋਵੇਗਾ, ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਮੌਕੇ ਬਿਹਾਰ ਦੇ ਰਾਜਪਾਲ ਫਾਗੂ ਚੌਹਾਨ, ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜੂਦ ਸਨ।
ਲਾਲੂ 'ਤੇ ਸਾਧਿਆ ਨਿਸ਼ਾਨਾ, ਨਿਤੀਸ਼ ਦੀ ਕੀਤੀ ਤਾਰੀਫ਼
ਅਸਿੱਧੇ ਤੌਰ 'ਤੇ ਲਾਲੂ ਪ੍ਰਸਾਦ ਵਲ ਇਸ਼ਾਰਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਬਿਹਾਰ ਲੰਮੇ ਸਮੇਂ ਤੋਂ ਇਕ ਵੱਖਰੀ ਮਾਨਸਿਕਤਾ ਵਿਚ ਫਸਿਆ ਹੋਇਆ ਸੀ। ਸੜ੍ਹਕ ਪੋਜੈਕਟਾਂ ਨੂੰ ਨਿਰਾਸ਼ਾ ਨਾਲ ਲਿਆ ਜਾਂਦਾ ਸੀ ਅਤੇ ਲੋਕਾਂ ਤੋਂ ਪੁੱਛਿਆ ਜਾਂਦਾ ਸੀ ਕਿ ਇਨ੍ਹਾਂ ਦਾ ਉਨ੍ਹਾਂ ਲੋਕਾਂ ਲਈ ਕੀ ਕੰਮ ਹੈ ਜਿਨ੍ਹਾਂ ਕੋਲ ਗੱਡੀਆਂ ਹੀ ਨਹੀਂ ਹਨ ਅਤੇ ਜੋ ਪੈਦਲ ਤੁਰਦੇ ਹਨ। ਉਨ੍ਹਾਂ ਕਿਹਾ ਤਰੱਕੀ ਨੂੰ ਲੈ ਕੇ ਇਸ ਅਣਦੇਖੀ ਦਾ ਅਸਰ ਉੱਚ ਪੱਧਰੀ ਸਿਖਿਆ 'ਤੇ ਵੀ ਪਿਆ, ਪਰ ਬੀਤੇ 15 ਸਾਲ ਚੰਗੇ ਸ਼ਾਸ਼ਨ ਦੇ ਰਹੇ ਹਨ। ਬੁਨਿਆਦੀ ਢਾਂਚੇ 'ਚ ਸੁਧਾਰ ਆਇਆ ਹੈ, ਨਵੇਂ ਮੈਡਿਕਲ ਅਤੇ ਇੰਜੀਨਰਿੰਗ਼ ਕਾਲੇਜ ਖੁੱਲ੍ਹੇ, ਲਾਅ ਇੰਸਟੀਚਿਊਟ ਅਤੇ ਪਾਲੀਟੈਕਨਿਕ ਖੁਲ੍ਹੇ। ਨਿਤੀਸ਼ ਕੁਮਾਰ ਨੇ ਤਰੱਕੀ ਯਕੀਨੀ ਕਰਨ 'ਚ ਅਹਿਮ ਭੂਮਿਕਾ ਨਿਭਾਈ। ਭਾਜਪਾ ਨੇ ਬਿਹਾਰ 'ਚ ਜੇ.ਡੀ. (ਯੂ) ਨਾਲ ਮਿਲ ਕੇ ਚੋਣ ਲੜਨ ਦਾ ਐਲਾਨ ਕੀਤਾ ਹੈ ਜਿਸ 'ਚ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਨਿਤੀਸ਼ ਕੁਮਾਰ ਹੋਣਗੇ। ਕੋਰੋਨਾ ਵਾਇਰਸ ਮਹਾਂਮਾਰੀ ਅਤੇ ਉਸ ਦੇ ਕਾਰਨ ਲੱਗੀ ਤਾਲਾਬੰਦੀ ਦੇ ਚੱਲਦੇ ਵੱਡੀ ਗਿਣਤੀ 'ਚ ਪ੍ਰਵਾਸੀਆਂ ਦੇ ਪਰਤਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ 'ਚੋਂ ਵੱਡੀ ਗਿਣਤੀ 'ਚ ਬਿਹਾਰ ਦੇ ਲੋਕ ਸਨ। ਉਨ੍ਹਾਂ ਕਿਹਾ ਕਿ ਇਸ ਸੰਕਟ ਨੇ ਸਾਡੇ ਲਈ ਮੌਕੇ ਪੈਦਾ ਕੀਤੇ ਹਨ।