ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ 19 ਨੂੰ ਮਾਤ ਦੇ ਚੁੱਕੇ ਮਰੀਜ਼ਾਂ ਲਈ ਅਪਣੇ ਨਵੇਂ ਪ੍ਰਬੰਧ ਪ੍ਰੋਟੋਕਾਲ 'ਚ ਉਨ੍ਹਾਂ ਨੂੰ ਯੋਗਾਸਨ, ਪ੍ਰਾਣਾਯਾਮ ਕਰਨ, ਧਿਆਨ ਲਗਾਉਣ ਅਤੇ ਚਮਨਪ੍ਰਾਸ਼ ਖਾਣ ਵਰਗੀਆਂ ਕੁੱਝ ਸਲਾਹਾਂ ਦਿਤੀਆਂ ਹਨ। ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਲੋਕਾਂ ਦੀ ਬਾਅਦ 'ਚ ਦੇਖਭਾਲ ਅਤੇ ਚੰਗੀ ਸਿਹਤ ਨੂੰ ਦੇਖਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਨੂੰ ਮਾਸਕ ਲਗਾਉਣ, ਹੱਥ ਅਤੇ ਸਾਫ਼ ਹਵਾ, ਸਮਾਜਕ ਦੂਰੀ ਬਣਾਉਣ ਵਰਗੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਇਹ ਪ੍ਰੋਟੋਕਾਲ ਉਨ੍ਹਾਂ ਮਰੀਜ਼ਾਂ ਲਈ ਇਕ ਮਾਰਗਦਰਸ਼ਕ ਦਾ ਕੰਮ ਕਰਦੇ ਹਨ ਜੋ ਵਾਇਰਸ ਤੋਂ ਠੀਕ ਹੋ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਘਰਾਂ 'ਚ ਦੇਖਭਾਲ ਦੀ ਲੋੜ ਹੈ।
ਪ੍ਰੋਟੋਕਾਲ 'ਚ ਲੋਕਾਂ ਤੋਂ ਕਾਫ਼ੀ ਮਾਤਰਾ 'ਚ ਗਰਮ ਪਾਣੀ ਪੀਣ, ਇਮਊਨਿਟੀ ਵਧਾਉਣ ਲਈ ਆਯੁਸ਼ ਦਵਾਈਆਂ ਲੈਣ ਅਤੇ ਜੇਕਰ ਉਨ੍ਹਾਂ ਦੀ ਸਿਹਤ ਇਜਾਜ਼ਤ ਦਿੰਦੀ ਹੈ ਤਾਂ ਘਰ ਦਾ ਕੰਮ ਕਰਨ ਦੀ ਸਲਾਹ ਦਿਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਵੇਰੇ ਗਰਮ ਦੁੱਧ ਜਾਂ ਪਾਣੀ ਨਾਲ ਚਮਨਪ੍ਰਾਸ਼ ਜ਼ਰੂਰ ਖਾਣਾ ਚਾਹੀਦਾ ਹੈ।