ਕਾਠਮਾਂਡੂ : ਨੇਪਾਲ ਦੇ ਮੱਧ ਖੇਤਰ ਵਿਚ ਤਿੰਨ ਦੂਰ ਦਰਾਜ਼ ਦੇ ਪਿੰਡਾਂ ਵਿਚ ਰਾਤ ਭਰ ਹੋਈ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਲਾਪਤਾ ਹੋ ਗਏ। ਇਕ ਸੀਨੀਅਰ ਸਰਕਰੀ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਖ਼ਬਰ ਅਨੁਸਾਰ ਐਤਵਾਰ ਦੇਰ ਰਾਤ ਕਾਠਮਾਂਡੂ ਸ਼ਹਿਰ ਤੋਂ ਲੱਗਭਗ 120 ਕਿਲੋਮੀਟਰ ਪੂਰਬ ਵਿਚ ਸਿੰਧੂਪਾਲਚੌਕ ਜ਼ਿਲ੍ਹੇ ਵਿਚ ਲਗਾਤਾਰ ਬਾਰਿਸ਼ ਵਿਚਾਲੇ ਨਾਗਪੁਜ, ਭਿਰਖਰਕਾ ਅਤੇ ਨੇਵਾਰ ਟੋਲੇ ਪਿੰਡਾਂ ਵਿਚ ਜ਼ਮੀਨ ਖਿਸਕ ਗਈ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਪਿੰਡ ਵਾਲੇ ਗੁੜ੍ਹੀ ਨੀਂਦ ਵਿਚ ਸਨ। ਜ਼ਿਲ੍ਹਾ ਪੁਲਿਸ ਦਫ਼ਤਰ ਦੇ ਮੁਖੀ ਰਾਜਨ ਅਧਿਕਾਰੀ ਨੇ ਦਸਿਆ ਕਿ ਸੱਤ ਲਾਸ਼ਾਂ ਮੌਕੇ 'ਤੇ ਬਰਾਮਦ ਕਰ ਲਈਆਂ ਗਈਆਂ ਜਦੋਂਕਿ ਦੋ ਲਾਸ਼ਾਂ ਭੋਟੇਕੋਸ਼ੀ ਅਤੇ ਸੋਨਕੋਸ਼ੀ ਨਦੀਆਂ ਵਿਚੋਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਪੀੜਤਾਂ ਦੀ ਪਹਿਚਾਣ ਕਰ ਲਈ ਗਈ ਹੈ। ਉਨ੍ਹਾਂ ਦਸਿਆ ਕਿ ਬਹਰਾਬਾਈਸ ਨਗਰਪਾਲਿਕਾ ਦੇ ਘਮਥਾਂਗ ਖੇਤਰ ਵਿਚ ਹੋਈ ਘਟਨਾ ਵਿਚ 22 ਲੋਕ ਲਾਪਤਾ ਹੋ ਗਏ ਹਨ। ਘਟਨਾ ਵਿਚ ਹੋਏ ਨੁਕਸਾਨ ਅਨੁਸਾਰ ਤਿੰਨ ਪਿੰਡਾਂ ਵਿਚ 11 ਮਕਾਨ ਤਬਾਹ ਹੋ ਗਏ।