ਨਵੀਂ ਦਿੱਲੀ, : ਦਿੱਲੀ ਦੀ ਤਿਹਾੜ ਜੇਲ ਵਿਚ ਪੁਲਸ ਵਿਵਸਥਾ ਦੀ ਪੋਲ ਖੋਲ੍ਹਣ ਵਾਲਾ ਇਕ ਵੱਖ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਤਿਹਾੜ ਜੇਲ 'ਚ ਇਕ ਮੁਸਲਿਮ ਕੈਦੀ ਦੀ ਪਿੱਠ 'ਤੇ ਓਮ ਦਾ ਟੈਟੂ ਬਣਾਇਆ ਗਿਆ ਹੈ। ਪੀੜਤ ਨੂੰ ਇਕ ਦੂਜੀ ਜੇਲ ਵਿਚ ਸ਼ਿਫਟ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਿਹਾੜ ਜੇਲ ਵਿਚ ਬੰਦ ਵਿਚਾਰ ਅਧੀਨ ਕੈਦੀ ਨੱਬੀਰ ਉਰਫ਼ ਪੋਪਾ ਨੇ ਕੜਕੜਡੂਮਾ ਕੋਰਟ 'ਚ ਸ਼ਿਕਾਇਤ ਕੀਤੀ ਹੈ ਕਿ ਜੇਲ ਸੁਪਰਡੈਂਟ ਰਾਜੇਸ਼ ਚੌਹਾਨ ਨੇ ਉਸ ਦੀ ਪਿੱਠ 'ਤੇ 'ਓਮ' ਟੈਟੂ ਬਣਵਾ ਦਿਤਾ ਹੈ। ਪੀੜਤਾ ਦਾ ਦੋਸ਼ ਹੈ ਕਿ ਉਹ ਮੁਸਲਿਮ ਹੈ, ਇਸ ਕਾਰਨ ਉਸ 'ਤੇ ਤਸ਼ੱਦਦ ਕੀਤਾ ਗਿਆ। ਗਰਮ ਧਾਤੂ ਨਾਲ ਉਸ ਦੀ ਪਿੱਠ 'ਤੇ 'ਓਮ' ਬਣਾ ਦਿਤਾ ਗਿਆ। ਤਿਹਾੜ ਜੇਲ ਦੇ ਡਾਇਰੈਕਰਟ ਜਨਰਲ ਨੇ ਦਸਿਆ, ''ਡੀ.ਆਈ.ਜੀ. ਮਾਮਲੇ ਦੀ ਜਾਂਚ ਕਰ ਰਹੇ ਹਨ। ਕੈਦੀ ਨੂੰ ਦੂਜੀ ਜੇਲ ਸ਼ਿਫਟ ਕਰ ਦਿਤਾ ਗਿਆ ਹੈ। ਪੂਰੀ ਜਾਂਚ ਰਿਪੋਰਟ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।'' ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨੱਬੀਰ ਉਰਫ਼ ਪੋਪਾ ਨੂੰ ਸ਼ੁੱਕਰਵਾਰ ਨੂੰ ਕੜਕੜਡੂਮਾ ਕੋਰਟ 'ਚ ਪੇਸ਼ੀ ਲਈ ਲਿਆਂਦਾ ਗਿਆ। ਉਹ ਗ਼ੈਰ-ਕਾਨੂੰਨੀ ਹਥਿਆਰ ਦਾ ਡੀਲਰ ਹੋਣ ਦੇ ਦੋਸ਼ ਵਿਚ ਜੇਲ 'ਚ ਬੰਦ ਹੈ। ਨੱਬੀਰ ਨੇ ਕੋਰਟ ਵਿਚ ਅਪਣੇ 'ਤੇ ਹੋ ਰਹੇ ਤਸ਼ੱਦਦ ਦੀ ਕਹਾਣੀ ਦੱਸੀ। ਉਸ ਨੇ ਡਿਊਟੀ ਮੈਜਿਸਟਰੇਟ ਰਿਚਾ ਪਰਾਸ਼ਰ ਦੇ ਸਾਹਮਣੇ ਅਪਣੀ ਕਮੀਜ਼ ਉਤਾਰ ਕੇ ਉਨ੍ਹਾਂ ਨੂੰ ਅਪਣੀ ਪਿੱਠ 'ਤੇ ਤਸੀਹੇ ਦੇ ਨਿਸ਼ਾਨ ਦਿਖਾਏ। ਨੱਬੀਰ ਨੇ ਤਿਹਾੜ ਜੇਲ ਦੇ ਅਧਿਕਾਰੀਆਂ ਨੂੰ ਖੁਦ ਨੂੰ ਕੁੱਟਣ ਦਾ ਵੀ ਦੋਸ਼ ਲਗਾਇਆ। ਉਸ ਨੇ ਦਸਿਆ ਕਿ ਗਰਮ ਧਾਤੂ ਨਾਲ ਉਸ ਦੀ ਪਿੱਠ 'ਤੇ ਓਮ ਦਾ ਨਿਸ਼ਾਨ ਬਣਾਇਆ ਗਿਆ। ਉਸ ਦਾ ਦੋਸ਼ ਹੈ ਕਿ ਉਸ ਨੂੰ ਵਰਤ ਰੱਖਣ ਲਈ ਮਜ਼ਬੂਰ ਕੀਤਾ ਗਿਆ। ਕੈਦੀ ਦੇ ਖੁਲਾਸੇ ਤੋਂ ਬਾਅਦ ਕੋਰਟ ਨੇ ਤਿਹਾੜ ਜੇਲ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਂਚ ਕਰਨ ਅਤ 24 ਘੰਟਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿਤੇ ਹਨ।