ਨਵੀਂ ਦਿੱਲੀ, (ਏਜੰਸੀ) : 26/11 ਅੱਤਵਾਦੀ ਹਮਲੇ ਪਖਚ ਸ਼ਹੀਦ ਹੋਏ ਹੇਮੰਤ ਕਰਕਰੇ 'ਤੇ ਵਿਵਾਦਮਈ ਬਿਆਨ ਦੇਣ ਦੇ ਦੋਸ਼ ਵਿਚ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਠਾਕੁਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਜ਼ਿਲ੍ਹਾ ਚੋਣ ਅਧਿਕਾਰੀ ਅਤੇ ਭੋਪਾਲ ਕਲੈਕਟਰ ਸੁਦਾਨ ਖਾੜੇ ਨੇ ਸਨਿਚਰਵਾਰ ਨੂੰ ਦਸਿਆ, ''ਅਸੀਂ ਇਸ ਬਿਆਨ 'ਤੇ ਖੁਦ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਵਿਚ ਸਹਾਇਕ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਅਸੀਂ ਇਸ ਪ੍ਰੋਗਰਾਮ ਦੇ ਆਯੋਜਕ ਅਤੇ ਉਸ ਵਿਅਕਤੀ ਵਿਰੁਧ ਨੋਟਿਸ ਜਾਰੀ ਕਰ ਰਹੇ ਹਾਂ, ਜਿਸ ਨੇ ਇਹ ਬਿਆਨ ਦਿਤਾ ਹੈ ਅਤੇ ਉਨ੍ਹਾਂ ਤੋਂ 24 ਘੰਟੇ ਵਿਚ ਜਵਾਬ ਮੰਗਾਂਗੇ। ਅਸੀਂ ਸਹਾਇਕ ਚੋਣ ਅਧਿਕਾਰੀ ਦੀ ਰਿਪੋਰਟ ਨੂੰ ਚੋਣ ਕਮਿਸ਼ਨ ਨੂੰ ਭੇਜਾਂਗੇ।'' ਖਾੜੇ ਨੇ ਦਸਿਆ ਕਿ ਅਸੀਂ ਚੋਣ ਜ਼ਾਬਤਾ ਦੌਰਾਨ ਇਸ ਪ੍ਰੋਗਰਾਮ ਦੇ ਆਯੋਜਕ ਨੂੰ ਕੁਝ ਸ਼ਰਤਾਂ 'ਤੇ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਦਿਤੀ ਸੀ। ਵੀਰਵਾਰ ਸ਼ਾਮ ਨੂੰ ਭੋਪਾਲ ਉੱਤਰ ਵਿਧਾਨ ਸਭਾ ਖੇਤਰ ਦੇ ਭਾਜਪਾ ਵਰਕਰਾਂ ਦੀ ਬੈਠਕ ਵਿਚ ਮੁੰਬਈ ਏ.ਟੀ.ਐੱਸ. ਦੇ ਸਾਬਕਾ ਮੁਖੀ ਹੇਮੰਤ ਕਰਕਰੇ 'ਤੇ ਜੇਲ ਵਿਚ ਤਸੀਹੇ ਦੇਣ ਦਾ ਦੋਸ਼ ਲਗਾਉਂਦੇ ਹੋਏ ਪ੍ਰਗਿਆ ਨੇ ਕਿਹਾ ਸੀ ਕਿ ਮੈਂ ਕਰਕਰੇ ਦਾ ਸਰਵਨਾਸ਼ ਹੋਣ ਦਾ ਸ਼ਰਾਪ ਦਿਤਾ ਸੀ ਅਤੇ ਇਸ ਦੇ ਸਵਾ ਮਹੀਨੇ ਬਾਅਦ ਅੱਤਵਾਦੀਆਂ ਨੇ ਉਨ੍ਹਾਂ ਨੂੰ ਮਾਰ ਦਿਤਾ। ਹਾਲਾਂਕਿ ਇਸ ਬਿਆਨ ਦੇ ਇਕ ਦਿਨ ਬਾਅਦ ਚਾਰੇ ਪਾਸਿਓਂ ਆਲੋਚਨਾ ਹੋਣ ਤੋਂ ਬਾਅਦ ਪ੍ਰਗਿਆ ਨੇ ਆਪਣਾ ਬਿਆਨ ਵਾਪਸ ਲੈ ਲਿਆ ਸੀ ਅਤੇ ਮੁਆਫ਼ੀ ਵੀ ਮੰਗ ਲਈ ਸੀ। ਜ਼ਿਕਰਯੋਗ ਹੈ ਕਿ ਪ੍ਰਗਿਆ 2008 'ਚ ਹੋਏ ਮਾਲੇਗਾਓਂ ਧਮਾਕਾ ਮਾਮਲੇ 'ਚ ਦੋਸ਼ੀ ਹੈ ਅਤੇ ਫਿਲਹਾਲ ਜ਼ਮਾਨਤ 'ਤੇ ਚੱਲ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰਕਰੇ ਦੀ ਅਗਵਾਈ 'ਚ ਹੋਈ ਸੀ। 26 ਨਵੰਬਰ 2008 ਨੂੰ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਮੁੰਬਈ ਦੀਆਂ ਕਈ ਥਾਂਵਾਂ 'ਤੇ ਹਮਲੇ ਕੀਤੇ ਸਨ। ਉਸ ਦੌਰਾਨ ਕਰਕਰੇ ਅਤੇ ਮੁੰਬਈ ਪੁਲਸ ਦੇ ਕੁਝ ਹੋਰ ਅਧਿਕਾਰੀ ਸ਼ਹੀਦ ਹੋ ਗਏ ਸਨ।