ਨਵੀਂ ਦਿੱਲੀ (ਏਜੰਸੀ) : ਅਸਲ ਕੰਟਰੋਲ ਰੇਖਾ (LAC) 'ਤੇ ਤਣਾਅਪੂਰਨ ਸਥਿਤੀ ਬਰਕਰਾਰ ਹੈ। ਬੀਤੀ ਰਾਤ ਚੀਨੀ ਫੌਜ ਨੇ ਗੋਲੀਬਾਰੀ ਕੀਤੀ ਹੈ, ਜਿਸ ਦਾ ਭਾਰਤੀ ਸੈਨਾ ਨੇ ਵੀ ਢੁਕਵਾਂ ਜਵਾਬ ਦਿੱਤਾ। ਹੁਣ ਪੂਰੀ ਘਟਨਾ 'ਤੇ ਭਾਰਤੀ ਫੌਜ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਸੈਨਾ ਦਾ ਕਹਿਣਾ ਹੈ ਕਿ ਭਾਰਤ ਐਲਏਸੀ 'ਤੇ ਤਣਾਅ ਘੱਟ ਕਰਨ ਲਈ ਵਚਨਬੱਧ ਹੈ। ਚੀਨ ਅੱਗੇ ਵੱਧਣ ਲਈ ਭੜਕਾਊ ਗਤੀਵਿਧੀਆਂ ਕਰ ਰਿਹਾ ਹੈ। ਬੀਜਿੰਗ ਵੱਲੋਂ ਲਗਾਏ ਜਾ ਰਹੇ ਦੋਸ਼ਾਂ 'ਤੇ ਭਾਰਤੀ ਫੌਜ ਨੇ ਕਿਹਾ ਕਿ ਕਿਸੇ ਵੀ ਪੜਾਅ 'ਤੇ ਭਾਰਤੀ ਫੌਜ ਨੇ LAC ਨੂੰ ਪਾਰ ਨਹੀਂ ਕੀਤਾ ਅਤੇ ਗੋਲੀਬਾਰੀ ਸਮੇਤ ਕਿਸੇ ਵੀ ਹਮਲਾਵਰ ਰਵਈਏ ਦੀ ਵਰਤੋਂ ਨਹੀਂ ਕੀਤੀ। ਚੀਨੀ ਆਰਮੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਫੌਜੀ ਅਤੇ ਕੂਟਨੀਤਕ ਗੱਲਬਾਤ ਦੇ ਵਿਚਕਾਰ ਸਮਝੌਤੇ ਦੀ ਉਲੰਘਣਾ ਕਰ ਰਹੀ ਹੈ ਅਤੇ ਹਮਲਾਵਰ ਯੁੱਧ ਅਭਿਆਸ ਕਰ ਰਿਹਾ ਹੈ।