Friday, November 22, 2024
 

ਰਾਸ਼ਟਰੀ

ਦਿੱਲੀ ਬੰਗਲਾ ਸਾਹਿਬ ਵਿਖੇ ਦਸਮ ਗ੍ਰੰਥ ਦੀ ਕਥਾ ਸ਼ੁਰੂ ਕਿਉਂ ?

September 04, 2020 04:02 PM

ਨਵੀਂ ਦਿੱਲੀ : ਅਕਾਲੀ-ਭਾਜਪਾ-ਆਰ.ਐਸ.ਐਸ. ਗਠਜੋੜ ਅਤੇ 'ਪਤੀ ਪਤਨੀ' ਸਬੰਧਾਂ ਤੋਂ ਜਿਸ ਗੱਲ ਦਾ ਡਰ ਸੀ, ਉਹ ਅਖ਼ੀਰ ਸੱਚ ਹੋ ਨਿਬੜਿਆ। ਆਰ.ਐਸ.ਐਸ. ਵਾਲੇ ਕਾਫ਼ੀ ਦੇਰ ਤੋਂ ਗੁਰਦਵਾਰਿਆਂ ਵਿਚ ਦਸਮ ਗੰ੍ਰਥ ਦਾ ਪ੍ਰਕਾਸ਼ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਭਾਜਪਾ ਅਕਾਲੀ ਗਠਜੋੜ ਮਗਰੋਂ ਇਹ ਹੋਣੀ ਟਲਣੀ ਵੀ ਔਖੀ ਮਹਿਸੂਸ ਹੋ ਰਹੀ ਸੀ, ਖ਼ਾਸ ਤੌਰ ਤੇ ਇਸ ਲਈ ਕਿ ਬਹੁਤੇ ਅਕਾਲੀ ਧੜਿਆਂ ਦੇ ਆਗੂਆਂ ਤੇ 'ਜਥੇਦਾਰਾਂ' ਨੂੰ ਆਰ.ਐਸ.ਐਸ. ਅੰਦਰੋਂ ਕਈ ਲਾਲਚ ਦੇ ਕੇ ਅਪਣੇ ਨਾਲ ਗੰਢ ਚੁੱਕੀ ਸੀ। ਸੋ ਭਾਣਾ ਵਰਤਣਾ ਹੀ ਸੀ ਜੋ ਇਕ ਸਤੰਬਰ ਨੂੰ ਦਿੱਲੀ ਤੋਂ ਆਰੰਭ ਹੋ ਗਿਆ ਹੈ।
ਆਖ਼ਰਕਾਰ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਦਸਮ ਗ੍ਰੰਥ ਦੀ ਕਥਾ ਸ਼ੁਰੂ ਹੋ ਗਈ। ਸਵੇਰੇ ਦੀਵਾਨ ਹਾਲ ਵਿਚ ਕਥਾ ਹੋ ਰਹੀ ਸੀ ਤੇ ਬਾਹਰ ਦਿੱਲੀ ਦੇ ਕੁੱਝ ਇਲਾਕਿਆਂ ਤੋਂ ਪੁੱਜੇ ਕਈ ਸਿੰਘਾਂ ਤੇ ਬੀਬੀਆਂ ਨੇ ਸ਼ਾਂਤਮਈ ਵਿਰੋਧ ਪ੍ਰਗਟਾਇਆ ਤੇ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੀ ਕਥਾ ਵਿਚਾਰ ਕੀਤੀ ਜਾਣੀ ਚਾਹੀਦੀ ਹੈ।
ਕਥਾ ਦੀ ਸ਼ੁਰੂਆਤ ਵਿਚ ਭਾਈ ਬੰਤਾ ਸਿੰਘ, ਮੁੰਡਾ ਪਿੰਡ ਨੇ ਦਸਮ ਗ੍ਰੰਥ ਦੀ ਵਿਰੋਧਤਾ ਕਰਨ ਵਾਲਿਆਂ ਨੂੰ 'ਸ਼ਰਾਰਤੀ ਅਨਸਰ' ਤਕ ਆਖ ਦਿਤਾ। ਬੰਗਲਾ ਸਾਹਿਬ ਦੇ ਬਾਹਰ ਇਕੱਤਰ ਹੋਏ ਸਿੱਖਾਂ ਸ.ਦਵਿੰਦਰ ਸਿੰਘ, ਸ.ਬਖ਼ਤਾਵਰ ਸਿੰਘ ਰੋਹਿਣੀ ਤੇ ਹੋਰਨਾਂ ਨੇ ਕਿਹਾ, 'ਸਾਡਾ ਵਿਰੋਧ ਪਿਆਰ ਭਰਿਆ ਹੈ। ਦਰਬਾਰ ਸਾਹਿਬ ਵਿਖੇ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ, ਪਰ ਅੱਜ ਦੇ ਦਿਨ ਬੰਗਲਾ ਸਾਹਿਬ ਤੋਂ ਬਚਿੱਤਰ ਨਾਟਕ (ਦਸਮ ਗ੍ਰੰਥ) ਦੀ ਕਥਾ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋ ਰਹੀ ਹੈ। ਇਹ ਸਿੱਧੀ ਬ੍ਰਾਹਮਣਵਾਦ ਦੀ ਘੁਸਪੈਠ ਹੈ।' ਸੋਸ਼ਲ ਮੀਡੀਆ 'ਤੇ ਸਿੱਖਾਂ ਵਲੋਂ ਹੀ ਸਮਾਗਮ ਦਾ ਵਿਰੋਧ ਤੇ ਹਮਾਇਤ ਵਿਚ ਵਿਚਾਰ ਪ੍ਰਗਟਾਏ ਜਾ ਰਹੇ ਹਨ ਤੇ ਦਿੱਲੀ ਗੁਰਦਵਾਰਾ ਕਮੇਟੀ ਬਾਰੇ ਵੀ ਤੱਤੀਆਂ ਗੱਲਾਂ ਲਿਖ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।
ਅੱਜ 'ਸਪੋਕਸਮੈਨ' ਵਲੋਂ ਜਦੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨਾਲ ਸਮਾਗਮ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ, “ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਪ੍ਰਚਾਰ ਕਰ ਰਹੇ ਹਾਂ। ਦੋ ਚਾਰ ਬੰਦੇ ਵਿਰੋਧ ਕਰਦੇ ਨੇ ਤਾਂ ਕਰਦੇ ਰਹਿਣ, ਇਹ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਘੇਰੇ ਵਿਚ ਰਹਿ ਕੇ ਸਮਾਗਮ ਹੋ ਰਿਹਾ ਹੈ। ਬਹੁਗਿਣਤੀ ਸੰਗਤ ਇਸ ਸਮਾਗਮ ਨਾਲ ਸੰਤੁਸ਼ਟ ਹੈ।'' ਜਦੋਂ ਸੋਮਵਾਰ ਨੂੰ ਰਕਾਬ ਗੰਜ ਸਾਹਿਬ ਹੋਈ ਮੀਟਿੰਗ ਦਾ ਹਵਾਲਾ ਦਿਤਾ ਤਾਂ ਸ.ਕਾਲਕਾ ਨੇ ਕਿਹਾ, ਜਿਹੜੇ ਸਾਡੇ ਕੋਲ ਸਮਾਗਮ ਦਾ ਵਿਰੋਧ ਕਰਨ ਆਏ ਸਨ, ਉਹ ਕਿਹੜੀ ਅਥਾਰਟੀ ਹਨ? ਸਿੱਖਾਂ ਵਿਚ ਚਰਚਾ ਹੈ ਕਿ ਦਿੱਲੀ ਦੀਆਂ ਸਿੱਖ ਕਹਾਉਂਦੀਆਂ ਪਾਰਟੀਆਂ 6 ਮਹੀਨੇ ਬਾਅਦ ਹੋਣ ਵਾਲੀਆਂ ਦਿੱਲੀ ਗੁਰਦਵਾਰਾ ਚੋਣਾਂ ਵਿਚ ਅਪਣੇ ਵੋਟ ਬੈਂਕ ਕਰ ਕੇ ਚੁੱਪ ਧਾਰ ਕੇ ਬੈਠੀਆਂ ਹੋਈਆਂ ਹਨ।

 

Have something to say? Post your comment

 
 
 
 
 
Subscribe