ਢਾਕਾ, (ਏਜੰਸੀ) : ਬੰਗਲਾਦੇਸ਼ ਵਿਚ ਇਕ ਮਦਰਸੇ ਦੇ ਮੌਲਾਨਾ ਨੇ ਇਕ ਕੁੜੀ ਨੂੰ ਕਥਿਤ ਤੌਰ 'ਤੇ ਅੱਗ ਲਗਾ ਕੇ ਜ਼ਿੰਦਾ ਸਾੜ ਦਿੱਤਾ। ਕੁੜੀ ਨੇ ਉਸ ਵਿਰੁੱਧ ਯੌਨ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ। ਜਦੋਂ ਉਸ ਦੇ ਧਮਕਾਉਣ ਦੇ ਬਾਵਜੂਦ ਕੁੜੀ ਨੇ ਕੇਸ ਵਾਪਸ ਨਾ ਲਿਆ ਤਾਂ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।
ਦੇਸ਼ ਵਿਚ ਇਸ ਘਟਨਾ ਦੇ ਵਿਰੋਧ ਵਿਚ ਵਿਆਪਕ ਪ੍ਰਦਰਸ਼ਨ ਹੋ ਰਹੇ ਹਨ। 6 ਅਪ੍ਰੈਲ ਨੂੰ ਬੁਰਕਾ ਪਹਿਨੇ ਚਾਰ ਲੋਕਾਂ ਨੇ 18 ਸਾਲਾ ਨੁਸਰਤ ਜਹਾਂ ਰਫੀ ਨੂੰ ਜ਼ਿੰਦਾ ਸਾੜ ਦਿੱਤਾ। ਇਸ ਘਟਨਾ ਦੇ ਕੁਝ ਦਿਨ ਪਹਿਲਾਂ ਹੀ ਕੁੜੀ ਨੇ ਮੌਲਾਨਾ ਸਿਰਾਜ-ਉਦ-ਦੌਲਾ ਵਿਰੁੱਧ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਉਸ ਨੂੰ ਦਫਤਰ ਵਿਚ ਬੁਲਾ ਕੇ ਗਲਤ ਤਰੀਕੇ ਨਾਲ ਛੂਹਿਆ ਸੀ। ਇਸ ਮਾਮਲੇ ਵਿਚ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਸਿਰਾਜ਼ ਵੀ ਹੈ। ਨੁਸਰਤ ਜਹਾਂ ਦੀ 10 ਅਪ੍ਰੈਲ ਨੂੰ ਗੰਭੀਰ ਜ਼ਖਮਾਂ ਕਾਰਨ ਹਸਪਤਾਲ ਵਿਚ ਮੌਤ ਹੋ ਗਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪ੍ਰਦਰਸ਼ਨਕਾਰੀ ਪੀੜਤਾ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।