ਨਵੀਂ ਦਿੱਲੀ : ਭਾਰਤੀ ਫ਼ੌਜੀ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਵੀਰਵਾਰ ਨੂੰ ਦੋ ਦਿਨਾਂ ਲੱਦਾਖ਼ ਦੌਰਾ ਸ਼ੁਰੂ ਕੀਤਾ। ਅਧਿਕਾਰਤ ਸੂਤਰਾਂ ਮੁਤਾਬਕ ਪੈਂਗੋਂਗ ਝੀਲ ਇਲਾਕੇ ਵਿਚ ਚੀਨ ਦੀ ਨਾਪਾਕ ਹਰਕਤ ਨੂੰ ਭਾਰਤ ਦੇ ਮੁਸਤੈਦ ਜਵਾਨਾਂ ਨੇ ਅਸਫਲ ਕਰਦੇ ਹੋਏ ਉਸ ਇਲਾਕੇ ਦੀ ਉੱਚਾਈ ਵਾਲੇ ਖੇਤਰ ਵਿਚ ਅਪਣੀ ਪੈਠ ਮਜ਼ਬੂਤ ਕਰ ਲਈ ਹੈ। ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕਰਨ ਦੇ ਮਕਸਦ ਨਾਲ ਫ਼ੌਜ ਮੁਖੀ ਦਾ ਇਹ ਦੌਰਾ ਹੋ ਰਿਹਾ ਹੈ।
ਇਕ ਸੂਤਰ ਨੇ ਦਸਿਆ ਕਿ ਲੱਦਾਖ਼ ਖੇਤਰ 'ਚ ਤਿਆਰੀਆਂ ਦੀ ਸਮੀਖਿਆ ਲਈ ਚੀਫ ਆਫ਼ ਆਰਮੀ ਲੱਦਾਖ ਆਏ ਹਨ। ਸੂਤਰਾਂ ਮੁਤਾਬਕ ਸੀਨੀਅਰ ਕਮਾਂਡਰ ਪੂਰਬੀ ਲੱਦਾਖ਼ ਵਿਚ ਮੌਜੂਦਾ ਸਥਿਤੀ ਬਾਰੇ ਫ਼ੌਜ ਮੁਖੀ ਨੂੰ ਦੱਸਣਗੇ। ਦੋ ਦਿਨਾਂ ਦੌਰੇ ਦੌਰਾਨ ਨਰਵਾਣੇ ਫ਼ੌਜ ਦੇ ਕਈ ਵੱਡੇ ਅਧਿਕਾਰੀਆਂ ਨਾਲ ਵੀ ਰਣਨੀਤਕ ਹਾਲਾਤ 'ਤੇ ਚਰਚਾ ਕਰ ਸਕਦੇ ਹਨ। ਦੱਸ ਦੇਈਏ ਕਿ ਚੀਨ ਅਤੇ ਭਾਰਤ ਵਿਚਾਲੇ ਕਈ ਦੌਰ ਦੀ ਫ਼ੌਜੀ ਗੱਲਬਾਤ ਤੋਂ ਬਾਅਦ ਵੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਕਈ ਇਲਾਕਿਆਂ ਵਿਚ ਦੋਹਾਂ ਦੇਸ਼ਾਂ ਦੀ ਫ਼ੌਜ ਇਕ-ਦੂਜੇ 'ਤੇ ਫਾਇਰਿੰਗ ਰੇਂਜ ਵਿਚ ਹੈ।
ਪੈਂਗੋਂਗ ਝੀਲ ਇਲਾਕੇ ਵਿਚ ਉਸ ਸਮੇਂ ਤਣਾਅ ਵੱਧ ਗਿਆ ਸੀ, ਜਦੋਂ ਚੀਨ ਨੇ ਝੀਲ ਦੇ ਦਖਣੀ ਤੱਟ ਵਿਚ ਕੁਝ ਇਲਾਕਿਆਂ 'ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਨੇ ਸੰਵੇਦਨਸ਼ੀਲ ਖੇਤਰ 'ਚ ਵਾਧੂ ਫ਼ੌਜੀ ਅਤੇ ਹਥਿਆਰ ਭੇਜੇ। ਭਾਰਤੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ ਚੀਨੀ ਫ਼ੌਜ ਨੇ 29 ਅਤੇ 30 ਅਗੱਸਤ ਦੀ ਦਰਮਿਆਨੀ ਰਾਤ ਨੂੰ ਪੈਂਗੋਂਗ ਝੀਲ ਦੇ ਦਖਣੀ ਤੱਟ 'ਤੇ ਭਾਰਤੀ ਫ਼ੌਜ ਨੂੰ ਉਕਸਾਉਣ ਵਾਲੀਆਂ ਫ਼ੌਜੀ ਗਤੀਵਿਧੀਆਂ ਕੀਤੀਆਂ ਪਰ ਭਾਰਤੀ ਫ਼ੌਜ ਨੇ ਉਨ੍ਹਾਂ ਖਦੇੜ ਦਿਤਾ। ਦਸਿਆ ਜਾ ਰਿਹਾ ਹੈ ਫ਼ੌਜ ਮੁਖੀ ਨਰਵਾਣੇ ਪੈਂਗੋਂਗ ਇਲਾਕੇ 'ਚ ਚੀਨ ਦੀ ਹਰਕਤ ਦੀ ਜਾਣਕਾਰੀ ਲੈਣਗੇ ਅਤੇ ਚੀਨੀ ਜਵਾਨਾਂ ਨੂੰ ਪਿੱਛੇ ਖਦੇੜਨ ਵਾਲੇ ਭਾਰਤ ਦੇ ਜਵਾਨਾਂ ਨਾਲ ਮੁਲਾਕਾਤ ਵੀ ਕਰਨਗੇ। ਲੱਦਾਖ 'ਚ ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਪੂਰੀ ਤਰ੍ਹਾਂ ਮੁਸਤੈਦ ਹੈ।
ਸੂਤਰਾਂ ਕਿਹਾ ਕਿਹਾ, ਸਾਵਧਾਨੀ ਵਜੋਂ ਅਸਲ ਕੰਟਰੋਲ ਲਾਈਨ ਦੇ ਭਾਰਤੀ ਹਿੱਸੇ 'ਚ ਪੇਗਾਂਗ ਝੀਲ ਦੇ ਉਤਰੀ ਤੱਟ 'ਤੇ ਫ਼ੌਜੀਆ ਦੀ ਤੈਨਾਤੀ 'ਚ ਕੁਝ 'ਫੇਰ-ਬਦਲ' ਵੀ ਕੀਤੇ ਗਏ ਹਨ।