Friday, November 22, 2024
 

ਰਾਸ਼ਟਰੀ

ਮਾਨਸੂਨ ਸੈਸ਼ਨ 14 ਸਤੰਬਰ ਤੋਂ

September 03, 2020 07:29 AM

ਨਵੀਂ ਦਿੱਲੀ : ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ 'ਚ ਨਾ ਤਾਂ ਪ੍ਰਸ਼ਨਕਾਲ ਹੋਵੇਗਾ ਅਤੇ ਨਾ ਹੀ ਗ਼ੈਰ-ਸਰਕਾਰੀ ਬਿੱਲ ਲਿਆਂਦੇ ਜਾ ਸਕਣਗੇ। ਕੋਰੋਨਾ ਮਹਾਂਮਾਰੀ ਦੇ ਇਸ ਦੌਰ 'ਚ ਪੈਦਾ ਹੋਈਆਂ ਅਸਾਧਾਰਣ ਸਥਿਤੀਆਂ ਦਰਮਿਆਨ ਹੋਣ ਜਾ ਰਹੇ ਇਸ ਸੈਸ਼ਨ 'ਚ ਜ਼ੀਰੋ ਕਾਲ ਨੂੰ ਵੀ ਸੀਮਿਤ ਕਰ ਦਿਤਾ ਗਿਆ ਹੈ। ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਦੋਹਾਂ ਸਦਨਾਂ ਦੀ ਕਾਰਵਾਈ ਵੱਖ-ਵੱਖ ਸਮੇਂ 'ਚ ਸਵੇਰੇ 9 ਤੋਂ ਇਕ ਵਜੇ ਅਤੇ 3 ਵਜੇ ਤੋਂ 7 ਵਜੇ ਤਕ ਚਲੇਗੀ। 

ਨਾ ਹੋਵੇਗਾ ਪ੍ਰਸ਼ਨਕਾਲ ਤੇ ਨਾ ਲਿਆਇਆ ਜਾ ਸਕੇਗਾ ਗ਼ੈਰ ਸਰਕਾਰੀ ਬਿੱਲ

ਸਨਿਚਰਵਾਰ ਅਤੇ ਐਤਵਾਰ ਨੂੰ ਵੀ ਸੰਸਦ ਦੀ ਕਾਰਵਾਈ ਜਾਰੀ ਰਹੇਗੀ। ਸੰਸਦ ਸੈਸ਼ਨ ਦੀ ਸ਼ੁਰੂਆਤ 14 ਸਤੰਬਰ ਨੂੰ ਹੋਵੇਗੀ ਅਤੇ ਇਸ ਦਾ ਸਮਾਪਨ ਇਕ ਅਕਤੂਬਰ ਨੂੰ ਪ੍ਰਸਤਾਵਿਤ ਹੈ। ਸਿਰਫ਼ ਪਹਿਲੇ ਦਿਨ ਨੂੰ ਛੱਡ ਕੇ ਰਾਜ ਸਭਾ ਦੀ ਕਾਰਵਾਈ ਸਵੇਰ ਦੇ ਸਮੇਂ ਚਲੇਗੀ, ਜਦੋਂ ਕਿ ਲੋਕ ਸਭਾ ਦੀ ਕਾਰਵਾਈ ਸ਼ਾਮ ਨੂੰ ਚਲੇਗੀ। ਲੋਕ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫ਼ਿਕੇਸ਼ਨ 'ਚ ਕਿਹਾ ਗਿਆ, ''ਸੈਸ਼ਨ ਦੌਰਾਨ ਪ੍ਰਸ਼ਨਕਾਲ ਨਹੀਂ ਹੋਵੇਗਾ। ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈਆਂ ਅਸਾਧਾਰਣ ਸਥਿਤੀਆਂ ਨੂੰ ਦੇਖਦੇ ਹੋਏ ਸਰਕਾਰ ਦੀ ਅਪੀਲ ਅਨੁਸਾਰ ਲੋਕ ਸਭਾ ਸਪੀਕਰ ਨੇ ਨਿਰਦੇਸ਼ ਦਿਤਾ ਹੈ ਕਿ ਸੈਸ਼ਨ ਦੌਰਾਨ ਗ਼ੈਰ-ਸਰਕਾਰੀ ਬਿੱਲਾਂ ਲਈ ਕੋਈ ਵੀ ਦਿਨ ਤੈਅ ਨਾ ਕੀਤਾ ਜਾਵੇ।'' ਅਜਿਹੀ ਹੀ ਇਕ ਨੋਟੀਫ਼ਿਕੇਸ਼ਨ ਰਾਜ ਸਭਾ ਸਕੱਤਰੇਤ ਵਲੋਂ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ 'ਚ ਪ੍ਰਸ਼ਨਕਾਲ ਸਵੇਰੇ 11 ਵਜੇ ਤੋਂ 12 ਵਜੇ ਦਰਮਿਆਨ ਹੁੰਦਾ ਹੈ, ਜਿਸ 'ਚ ਮੈਂਬਰ ਮੰਤਰੀਂ ਨਾਲ ਸਬੰਧਤ ਵਿਭਾਗਾਂ ਨਾਲ ਜੁੜੇ ਪ੍ਰਸ਼ਨ ਪੁੱਛਦੇ ਹਨ। ਇਸ ਤੋਂ ਬਾਅਦ ਜ਼ੀਰੋ ਕਾਲ ਹੁੰਦਾ ਹੈ, ਜਿਸ 'ਚ ਮੈਂਬਰ ਅਪਣੇ ਖੇਤਰ ਅਤੇ ਜਨਹਿੱਤ ਦੇ ਦੂਜੇ ਮੁੱਦੇ ਚੁੱਕਦੇ ਹਨ। ਸੰਸਦ ਦੇ ਦੋਹਾਂ ਸਦਨਾਂ 'ਚ ਸ਼ੁਕਰਵਾਰ ਦੇ ਦਿਨ ਦੁਪਹਿਰੋਂ ਬਾਅਦ ਦਾ ਸਮਾਂ ਗ਼ੈਰ-ਸਰਕਾਰੀ ਮੈਂਬਰਾਂ ਲਈ ਤੈਅ ਰਹਿੰਦਾ ਹੈ।

 

Have something to say? Post your comment

 
 
 
 
 
Subscribe