ਨਵੀਂ ਦਿੱਲੀ : ਭਾਰਤੀ ਫ਼ੌਜ ਨੇ ਕਿਹਾ ਹੈ ਕਿ ਭਾਰਤੀ ਜਵਾਨਾਂ ਨੇ ਪੈਂਗੋਂਗ ਸੋ ਇਲਾਕੇ ਵਿਚ ਇਕਪਾਸੜ' ਜਿਉਂ ਦੀ ਤਿਉਂ ਸਥਿਤੀ ਬਦਲਣ ਲਈ ਚੀਨ ਦੀ ਜਨਮੁਕਤੀ ਫ਼ੌਜ (PLA) ਦੁਆਰਾ ਚਲਾਈ ਗਈ ਉਕਸਾਹਟ ਭਰੀ ਫ਼ੌਜੀ ਗਤੀਵਿਧੀ ਨਾਕਾਮ ਕਰ ਦਿਤੀ। ਫ਼ੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਦਸਿਆ ਕਿ ਪੀਐਲਏ ਨੇ ਪੂਰਬੀ ਲਦਾਖ਼ ਰੇੜਕੇ ਬਾਰੇ ਫ਼ੌਜੀ ਅਤੇ ਰਾਜਨਾਇਕ ਗੱਲਬਾਤ ਜ਼ਰੀਏ ਬਣੀ ਪਿਛਲੀ ਆਮ ਸਹਿਮਤੀ ਦੀ ਉਲੰਘਣਾ ਕੀਤੀ ਅਤੇ 29 ਤੇ 30 ਅਗੱਸਤ ਦੀ ਦਰਮਿਆਨੀ ਰਾਤ ਨੂੰ ਜਿਉਂ ਦੀ ਤਿਉਂ ਸਥਿਤੀ ਬਦਲਣ ਲਈ ਫ਼ੌਜੀ ਗਤੀਵਿਧੀ ਕੀਤੀ। ਕਰਨਲ ਆਨੰਦ ਨੇ ਦਸਿਆ ਕਿ ਮਾਮਲੇ ਦੇ ਹੱਲ ਲਈ ਚੁਸ਼ੂਲ ਵਿਚ ਬ੍ਰਿਗੇਡ ਕਮਾਂਡਰ ਪੱਧਰ ਦੀ ਫ਼ਲੈਗ ਮੀਟਿੰਗ ਹੋ ਰਹੀ ਹੈ।
ਕਰਨਲ ਨੇ ਬਿਆਨ ਰਾਹੀਂ ਕਿਹਾ, 'ਪੀਐਲਏ ਫ਼ੌਜੀਆਂ ਨੇ 29 ਅਤੇ 30 ਅਗੱਸਤ ਦੀ ਦਰਮਿਆਨੀ ਰਾਤ, ਪੂਰਬੀ ਲਦਾਖ਼ ਰੇੜਕੇ ਬਾਰੇ ਫ਼ੌਜੀ ਅਤੇ ਕੂਟਨੀਤਕ ਗੱਲਬਾਤ ਜ਼ਰੀਏ ਬਣੀ ਪਿਛਲੀ ਆਮ ਸਹਿਮਤੀ ਦੀ ਉਲੰਘਣਾ ਕੀਤੀ ਅਤੇ ਸਥਿਤੀ ਨੂੰ ਬਦਲਣ ਦੀ ਲਈ ਫ਼ੌਜੀ ਗਤੀਵਿਧੀ ਕੀਤੀ।' ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜੀਆਂ ਨੇ ਪੈਂਗੋਂਗ ਸੋ ਝੀਲ ਦੇ ਦਖਣੀ ਕੰਢੇ 'ਤੇ ਪੀਐਲਏ ਦੀ ਗਤੀਵਿਧੀ ਨੂੰ ਪਹਿਲਾਂ ਹੀ ਨਾਕਾਮ ਕਰ ਦਿਤਾ। ਭਾਰਤੀ ਫ਼ੌਜ ਨੇ ਅਪਣੀ ਪੁਜੀਸ਼ਨ ਮਜ਼ਬੂਤ ਕਰਨ ਅਤੇ ਜ਼ਮੀਨੀ ਤੱਥਾਂ ਨੂੰ ਇਕਪਾਸੜ ਬਦਲਣ ਦੇ ਚੀਨੀ ਇਰਾਦਿਆਂ ਨੂੰ ਨਾਕਾਮ ਕਰਨ ਲਈ ਉਪਾਅ ਵੀ ਕੀਤੇ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਗੱਲਬਾਤ ਜ਼ਰੀਏ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਲਈ ਪ੍ਰਤੀਬੱਧ ਹੈ ਪਰ ਨਾਲ ਹੀ ਦੇਸ਼ ਦੀ ਖੇਤਰੀ ਅਖੰਡਤਾ ਦੀ ਰਾਖੀ ਕਰਨ ਲਈ ਵੀ ਓਨੀ ਹੀ ਪ੍ਰਤੀਬੱਧ ਹੈ।
ਦੋਹਾਂ ਦੇਸ਼ਾਂ ਵਿਚਾਲੇ ਪਹਿਲੀ ਵਾਰ ਗਲਵਾਨ ਘਾਟੀ ਵਿਚ 15 ਜੂਨ ਨੂੰ ਹਿੰਸਕ ਝੜਪ ਹੋਈ ਸੀ ਜਿਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਚੀਨ ਨੇ ਅਪਣੇ ਫ਼ੌਜੀਆਂ ਦੇ ਮਾਰੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਸੀ ਪਰ ਅਮਰੀਕੀ ਖ਼ੁਫ਼ੀਆ ਰੀਪੋਰਟ ਮੁਤਾਬਕ ਉਸ ਦੇ 35 ਫ਼ੌਜੀ ਮਾਰੇ ਗਏ ਸਨ। ਭਾਰਤ ਅਤੇ ਚੀਨ ਨੇ ਪਿਛਲੇ ਢਾਈ ਮਹੀਨਿਆਂ ਵਿਚ ਕਈ ਪਧਰਾਂ 'ਤੇ ਫ਼ੌਜੀ ਅਤੇ ਕੂਟਨੀਤਕ ਗੱਲਬਾਤ ਕੀਤੀ ਹੈ ਪਰ ਪੂਰਬੀ ਲਦਾਖ਼ ਮਾਮਲੇ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ।