ਨਵੀਂ ਦਿੱਲੀ, (ਏਜੰਸੀ) : ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਰਾਹੀਂ ਹੋਣ ਵਾਲੇ ਵਪਾਰ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿਤੇ ਜਾਣ ਨਾਲ ਲਾਲ ਮਿਰਚ, ਅੰਬ, ਜੜ੍ਹੀਆਂ-ਬੂਟੀਆਂ ਅਤੇ ਸੁੱਕੇ ਮੇਵਿਆਂ ਸਮੇਤ ਹੋਰ ਕਈ ਵਸਤਾਂ ਦਾ ਕਾਰੋਬਾਰ ਪ੍ਰਭਾਵਤ ਹੋਵੇਗਾ।
ਅਧਿਕਾਰੀਆਂ ਨੇ ਦਸਿਆ ਕਿ ਵਪਾਰ ਬੰਦੇ ਕੀਤੇ ਜਾਣ ਨਾਲ ਕਰੀਬ 280 ਕਾਰੋਬਾਰੀ ਸਿੱਧੇ ਪ੍ਰਭਾਵਤ ਹੋਣਗੇ। ਸਾਲ 2008 ਵਿਚ ਕਾਰੋਬਾਰ ਸ਼ੁਰੂ ਹੋਣ ਮਗਰੋਂ ਇਹ 6900 ਕਰੋੜ ਰੁਪਏ ਦੇ ਪੱਧਰ ਨੂੰ ਛੂਹ ਚੁੱਕਾ ਹੈ। ਸਰਹੱਦ ਪਾਰਲੇ ਵਪਾਰ ਲਈ 21 ਵਸਤਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਜਿਨ੍ਹਾਂ ਵਿਚ ਕੇਲਾ, ਇਮਲੀ, ਲਾਲ ਮਿਰਚ ਅਤੇ ਜੀਰੇ ਦਾ ਨਿਰਯਾਤ ਕੀਤਾ ਜਾਂਦਾ ਹੈ ਜਦਕਿ ਬਾਦਾਮ, ਸੁੱਕੀ ਖ਼ਜੂਰ, ਸੁੱਕੇ ਮੇਵੇ, ਅੰਬ ਅਤੇ ਪਿਸਤੇ ਦੀ ਦਰਾਮਦ ਕੀਤੀ ਜਾਂਦੀ ਹੈ।
ਭਾਰਤ ਨੇ ਕਲ ਪਾਕਿਸਤਾਨ ਵਿਰੁਧ ਸਖ਼ਤੀ ਕਰਦਿਆਂ ਜੰਮੂ ਕਸ਼ਮੀਰ ਵਿਚ ਐਲਓਸੀ 'ਤੇ ਦੋ ਬਿੰਦੂਆਂ 'ਤੇ ਹੋਣ ਵਾਲਾ ਵਪਾਰ ਰੋਕ ਦਿਤਾ। ਸਰਕਾਰ ਨੂੰ ਖ਼ਬਰਾਂ ਮਿਲ ਰਹੀਆਂ ਸਨ ਕਿ ਪਾਕਿਸਤਾਨ ਵਿਚ ਬੈਠੇ ਮਾੜੇ ਅਨਸਰ ਨਾਜਾਇਜ਼ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਨਕਲੀ ਮੁਦਰਾ ਭੇਜਣ ਲਈ ਕੰਟਰੋਲ ਰੇਖਾ ਵਰਤ ਰਹੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੰਟਰੋਲ ਰੇਖਾ 'ਤੇ ਹੋਣ ਵਾਲੇ ਵਪਾਰ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕੀਤੇ ਜਾਣ ਦੀਆਂ ਰੀਪੋਰਟਾਂ ਮਿਲਣ ਮਗਰੋਂ ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਦੇ ਸਲਮਾਬਾਦ ਅਤੇ ਜੰਮੂ ਖੇਤਰ ਦੇ ਪੁੰਛ ਜ਼ਿਲ੍ਹੇ ਵਿਚ ਚੱਕਾਂ ਦਾ ਬਾਗ਼ ਵਿਖੇ ਵਪਾਰ ਰੋਕਣ ਦੇ ਹੁਕਮ ਜਾਰੀ ਕਰ ਦਿਤੇ ਗਏ ਸਨ। ਕੰਟਰੋਲ ਰੇਖਾ ਦੇ ਆਰ-ਪਾਰ ਸ੍ਰੀਨਗਰ ਤੋਂ ਮੁਜ਼ੱਫ਼ਰਾਬਾਦ ਅਤੇ ਪੁੰਛ ਤੋਂ ਰਾਵਲਕੋਟ ਲਈ 21 ਅਕਤੂਬਰ 2008 ਨੂੰ ਆਪਸੀ ਵਿਸ਼ਵਾਸ ਵਧਾਉਣ ਲਈ ਵਪਾਰ ਸ਼ੁਰੂ ਕੀਤਾ ਗਿਆ ਸੀ। ਉੜੀ ਵਪਾਰ ਕੇਂਦਰ ਤੋਂ 2008 ਤੋਂ 2017 ਤਕ 4400 ਕਰੋੜ ਰੁਪਏ ਤੋਂ ਜ਼ਿਆਦਾ ਦਾ ਵਪਾਰ ਹੋਇਆ ਜਦਕਿ ਪੁੰਛ ਵਿਚ ਇਸੇ ਅਰਸੇ ਦੌਰਾਨ 2542 ਕਰੋੜ ਰੁਪਏ ਦਾ ਵਪਾਰ ਹੋਇਆ।