ਭੋਪਾਲ, (ਏਜੰਸੀ) : ਮਾਲੇਗਾਂਵ ਬੰਬ ਧਮਾਕਿਆਂ ਦੇ ਮਾਮਲੇ ਦੀ ਮੁਲਜ਼ਮ ਅਤੇ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਮੁੰਬਈ ਦੇ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਵਿਰੁਧ ਤਸੀਹੇ ਦੇਣ ਦਾ ਦੋਸ਼ ਲਾਇਆ ਹੈ।
- ਭਾਜਪਾ ਨੇ ਝਾੜਿਆ ਪੱਲਾ, ਵਿਰੋਧੀ ਪਾਰਟੀਆਂ ਹਮਲਾਵਰ, ਹੇਮੰਤ ਕਰਕਰੇ ਲੜਿਆ ਸੀ ਅਤਿਵਾਦੀਆਂ ਨਾਲ
|
ਸਾਧਵੀ ਦੇ ਬਿਆਨ ਕਾਰਨ ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਘੇਰ ਲਿਆ ਹੈ ਅਤੇ ਪ੍ਰਧਾਨ ਮੰਤਰੀ ਕੋਲੋਂ ਮਾਫ਼ੀ ਦੀ ਮੰਗ ਕੀਤੀ ਹੈ।
ਭਾਜਪਾ ਨੂੰ ਦੇਣਾ ਪਿਆ ਸਪੱਸ਼ਟੀਕਰਨ
ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਇਹ ਸਾਧਵੀ ਦਾ ਨਿਜੀ ਬਿਆਨ ਹੈ ਜਿਹੜਾ ਉਸ ਨੇ ਤਸ਼ੱਦਦ ਢਾਹੇ ਜਾਣ ਕਾਰਨ ਦਿਤਾ ਹੋਵੇਗਾ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਹੇਮੰਤ ਕਰਕਰੇ ਨੂੰ ਸ਼ਹੀਦ ਮੰਨਦੀ ਹੈ ਜਿਸ ਨੇ ਅਤਿਵਾਦੀਆਂ ਨਾਲ ਲੜਦਿਆਂ ਸ਼ਹਾਦਤ ਦਿਤੀ।
ਪ੍ਰਗਿਆ ਨੇ ਕਲ ਸ਼ਾਮ ਸ਼ਹਿਰ ਦੇ ਲਾਲਘਾਟੀ ਇਲਾਕੇ ਵਿਚ ਭਾਜਪਾ ਕਾਰਕੁਨਾਂ ਦੀ ਬੈਠਕ ਵਿਚ ਮੁੰਬਈ ਏਟੀਐਸ ਦੇ ਮਰਹੂਮ ਮੁਖੀ ਦਾ ਨਾਮ ਲੈਂਦਿਆਂ ਕਿਹਾ, 'ਮੈਂ ਮੁੰਬਈ ਜੇਲ ਵਿਚ ਸੀ ਉਸ ਸਮੇਂ। ਜਾਂਚ ਜੋ ਬਿਠਾਈ ਸੀ, ਸੁਰੱਖਿਆ ਆਯੋਗ ਦੇ ਮੈਂਬਰ ਨੇ ਹੇਮੰਤ ਕਰਕਰੇ ਨੂੰ ਬੁਲਾਇਆ ਅਤੇ ਕਿਹਾ ਕਿ ਜਦ ਸਬੂਤ ਨਹੀਂ ਹੈ ਤਾਂ ਸਾਧਵੀ ਜੀ ਨੂੰ ਛੱਡ ਦਿਉ। ਸਬੂਤ ਨਹੀਂ ਹੈ ਤਾਂ ਇਸ ਨੂੰ ਰਖਣਾ ਗ਼ਲਤ ਹੈ, ਗ਼ੈਰਕਾਨੂੰਨੀ ਹੈ ਪਰ ਕਰਕਰੇ ਨੇ ਕਿਹਾ ਕਿ ਮੈਂ ਸਾਧਵੀ ਨੂੰ ਨਹੀਂ ਛੱਡਾਂਗਾ।'
ਸਾਧਵੀ ਨੇ ਹਿਰਾਸਤ ਦੌਰਾਨ ਤਸ਼ੱਦਦ ਕੀਤੇ ਜਾਣ ਦਾ ਦੋਸ਼ ਲਾਉਂਦਿਆਂ, 'ਏਨਾ ਤਸ਼ੱਦਦ ਕੀਤਾ, ਏਨੀਆਂ ਗੰਦੀਆਂ ਗਾਲਾਂ ਕਢੀਆਂ ਜੋ ਬਰਦਾਸ਼ਤ ਤੋਂ ਬਾਹਰ ਸਨ ਮੇਰੇ ਲਈ। ਮੈਂ ਕਿਹਾ ਤੇਰਾ ਨਾਸ਼ ਹੋਵੇਗਾ। ਠੀਕ ਸਵਾ ਮਹੀਨੇ ਵਿਚ ਸੂਤਕ ਲਗਦਾ ਹੈ। ਜਦ ਕਿਸੇ ਦੇ ਘਰ ਮੌਤ ਹੁੰਦੀ ਹੈ ਜਾਂ ਜਨਮ ਹੁੰਦਾ ਹੈ। ਜਿਸ ਦਿਨ ਮੈਂ ਗਈ ਸੀ, ਉਸ ਦਿਨ ਇਸ ਦੇ ਸੂਤਕ (ਅਸ਼ੁੱਧੀ) ਲੱਗ ਗਿਆ ਸੀ। ਠੀਕ ਸਵਾ ਮਹੀਨੇ ਵਿਚ ਜਿਸ ਦਿਨ ਉਸ ਨੂੰ ਅਤਿਵਾਦੀਆਂ ਨੇ ਮਾਰਿਆ, ਉਸ ਦਿਨ ਸੂਤਕ ਦਾ ਅੰਤ ਹੋ ਗਿਆ।' ਸਾਧਵੀ ਨੇ ਕਾਂਗਰਸ ਆਗੂਆਂ 'ਤੇ ਉਸ ਵਿਰੁਧ ਸ਼ਾਜ਼ਸ ਕਰਨ ਦਾ ਦੋਸ਼ ਲਾਇਆ। ਉਸ ਨੇ ਕਿਹਾ, 'ਸਨਿਆਸੀਆਂ ਨੂੰ ਜੇਲ ਅੰਦਰ ਸੁਟਿਆ ਗਿਆ, ਬੇਗੁਨਾਹਾਂ ਨੂੰ ਅੰਦਰ ਸੁਟਿਆ ਗਿਆ, ਉਸ ਦਿਨ ਮੈਂ ਕਿਹਾ ਕਿ ਇਸ ਸ਼ਾਸਨ ਦਾ ਅੰਤ ਹੋ ਜਾਵੇਗਾ, ਨਾਸ਼ ਹੋ ਜਾਵੇਗਾ ਅਤੇ ਅੱਜ ਇਹ ਪ੍ਰਤੱਖ ਮਿਸਾਲ ਤੁਹਾਡੇ ਸਾਹਮਣੇ ਹੈ।'
ਉਧਰ, ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਕਿਹਾ, 'ਹੇਮੰਤ ਕਰਕਰੇ ਨੇ ਦੇਸ਼ ਦੀ ਸੁਰੱਖਿਆ ਲਈ ਸ਼ਹਾਦਤ ਦਿਤੀ ਅਤੇ ਉਸ ਦੀ ਸ਼ਹਾਦਤ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਉਸ ਬਾਰੇ ਅਜਿਹੀ ਵਿਵਾਦਤ ਟਿਪਣੀ ਨਹੀਂ ਕਰਨੀ ਚਾਹੀਦੀ।' ਸਾਲ 2008 ਦੇ ਮਾਲੇਗਾਂਵ ਧਮਾਕਿਆਂ ਦੇ ਮਾਮਲੇ ਵਿਚ ਸਾਧਵੀ ਵਿਰੁਧ ਮਾਮਲਾ ਅਦਾਲਤ ਵਿਚ ਵਿਚਾਰਅਧੀਨ ਹੈ ਹਾਲਾਂਕਿ ਇਸ ਮਾਮਲੇ ਵਿਚ ਮਕੋਕਾ ਤਹਿਤ ਉਸ ਨੂੰ ਕਲੀਨ ਚਿੱਟ ਮਿਲੀ ਹੋਈ ਹੈ।