ਨਵੀਂ ਦਿੱਲੀ : ਪਛਮੀ ਦਿੱਲੀ 'ਚ 4 ਲੋਕਾਂ ਨੂੰ 23 ਸਾਲਾ ਇਕ ਨੌਜਵਾਨ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਨੌਜਵਾਨ ਨੇ ਅਪਣੇ ਇਕ ਸਾਥੀ ਨਾਲ ਮਿਲ ਕੇ ਦੋਸ਼ੀਆਂ 'ਚੋਂ ਇਕ ਦਾ ਮੋਬਾਈਲ ਫੋਨ ਚੋਰੀ ਕੀਤਾ ਸੀ। ਪੁਲਿਸ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਇਸ਼ਤਹਾਰ (30), ਅਨੀਸ (24), ਮੁਸ਼ਤਾਕ ਅਹਿਮਦ (32) ਅਤੇ ਉਸ ਦੇ ਭਰਾ ਸ਼ਿਰਾਜ ਅਹਿਮਦ (28) ਦੇ ਰੂਪ 'ਚ ਹੋਈ ਹੈ। ਸਾਰੇ ਦੋਸ਼ੀ ਪਛਮੀ ਦਿੱਲੀ ਦੇ ਨਾਰਾਇਣਾ ਉਦਯੋਗਿਕ ਖੇਤਰ ਦੇ ਵਾਸੀ ਹਨ। ਪੁਲਿਸ ਸੂਤਰਾਂ ਨੇ ਕਿਹਾ ਕਿ ਘਟਨਾ ਸ਼ੁਕਰਵਾਰ ਨੂੰ ਨਾਰਾਇਣਾ 'ਚ ਹੋਈ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਲਾਸ਼ ਦਰੱਖਤ ਦੇ ਹੇਠਾਂ ਪਈ ਹੋਈ ਮਿਲੀ, ਜਿਸ 'ਤੇ ਗੰਭੀਰ ਸੱਟ ਦੇ ਨਿਸ਼ਾਨ ਸਨ। ਹਾਦਸੇ ਵਾਲੀ ਜਗ੍ਹਾ ਤੋਂ ਇਕ ਰੱਸੀ ਅਤੇ ਸਫੇਦ ਮਫਲਰ ਵੀ ਬਰਾਮਦ ਹੋਇਆ। ਪੁਲਿਸ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਕੀਰਤੀ ਨਗਰ ਸਥਿਤ ਜਵਾਹਰ ਕੈਂਪ ਵਾਸੀ ਰਾਹੁਲ ਦੇ ਰੂਪ 'ਚ ਹੋਈ ਹੈ।
ਘਟਨਾ ਦੇ ਚਸ਼ਮਦੀਦ ਸ਼ੇਸ਼ ਕੁਮਾਰ ਨੇ ਪੁਲਿਸ ਨੂੰ ਦਸਿਆ ਕਿ ਜਦੋਂ ਉਹ ਸ਼ੁੱਕਰਵਾਰ ਸਵੇਰੇ 5.30 ਵਜੇ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਗੁਆਂਢੀ ਮੁਸ਼ਤਾਕ, ਸ਼ਿਰਾਜ, ਅਨੀਸ ਅਤੇ ਇਸ਼ਤਹਾਰ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ ਅਤੇ ਉਸ ਨੂੰ ਕੋਲ ਦੇ ਪਾਰਕ 'ਚ ਲਿਜਾ ਰਹੇ ਹਨ। ਕੁਮਾਰ ਨੇ ਪੁਲਸ ਨੂੰ ਦਸਿਆ ਕਿ ਚਾਰੇ ਵਿਅਕਤੀਆਂ ਕੋਲ ਡੰਡੇ, ਪਾਈਪ ਅਤੇ ਲੋਹੇ ਦੀ ਇਕ ਛੜ ਸੀ। ਉਨ੍ਹਾਂ ਨੇ ਵਿਅਕਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਣਾ ਸ਼ੁਰੂ ਕਰ ਦਿਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।