ਲਖਨਊ, : ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ ਮਾਇਆਵਤੀ 24 ਸਾਲ ਬਾਅਦ ਇੱਕੋ ਸਟੇਜ 'ਤੇ ਨਜ਼ਰ ਆਏ। 1 ਜੂਨ, 1995 ਨੂੰ ਗੈਸਟ ਹਾਊਸ ਕਾਂਡ ਤੋਂ ਬਾਅਦ ਸਪਾ ਅਤੇ ਬਸਪਾ ਦਾ ਗਠਜੋੜ ਟੁੱਟਣ ਮਗਰੋਂ ਦੋਵੇਂ ਦਿੱਗਜ ਨੇਤਾ ਅੱਜ ਪਹਿਲੀ ਵਾਰ ਇਕੱਠੇ ਮੰਚ 'ਤੇ ਨਜ਼ਰ ਆਏ। ਇਸ ਮੌਕੇ ਬੋਲਦਿਆਂ ਮੁਲਾਇਮ ਯਾਦਵ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੈ ਅਤੇ ਕ੍ਰਿਪਾ ਕਰਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਓ। ਯਾਦਵ ਤੋਂ ਮਗਰੋਂ ਮਾਇਆਵਤੀ ਨੇ ਵੀ ਰੈਲੀ ਨੂੰ ਸੰਬੋਧਿਤ ਕਰਦਿਆਂ ਮੁਲਾਇਮ ਯਾਦਵ ਲਈ ਰਿਕਾਰਡ ਤੋੜ ਵੋਟਾਂ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਭਾਸ਼ਣ 'ਚ ਗੈਸਟ ਹਾਊਸ ਕਾਂਡ ਦਾ ਜ਼ਿਕਰ ਵੀ ਕੀਤਾ। ਮਾਇਆਵਤੀ ਨੇ ਕਿਹਾ ਕਿ ਦੇਸ਼ ਹਿੱਤ 'ਚ ਸਮਾਜਵਾਦੀ ਪਾਰਟੀ ਨਾਲ ਗਠਜੋੜ ਦਾ ਫ਼ੈਸਲਾ ਕਰਨ ਔਖਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਦੇਸ਼ ਹਿੱਤ 'ਚ ਕਦੇ-ਕਦੇ ਔਖੇ ਫ਼ੈਸਲੇ ਲੈਣੇ ਪੈਂਦੇ ਹਨ।