ਅਜਿਹੇ ਵੀ ਦਿਨ ਸਨ ਜਦੋਂ ਇਕ ਦਹਾਕੇ ਤਕ ਮੈਂ ਦਿਨ ਵਿਚ ਇਕ ਵਾਰ ਰੋਟੀ ਖਾਂਦੀ ਸੀ
ਔਰੰਗਾਬਾਦ : ਵਕਾਰੀ ਅਰਜਨ ਪੁਰਸਕਾਰ ਲਈ ਚੁਣੀ ਗਈ ਭਾਰਤੀ ਮਹਿਲਾ ਖੋ-ਖੋ ਟੀਮ ਦੀ ਸਾਬਕਾ ਕਪਤਾਨ ਸਾਰਿਕਾ ਕਾਲੇ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਅਜਿਹਾ ਵੀ ਸਮਾਂ ਸੀ ਜਦੋਂ ਆਰਥਕ ਸਮੱਸਿਆਵਾਂ ਕਰ ਕੇ ਲੱਗਭਗ ਇਕ ਦਹਾਕੇ ਤਕ ਉਹ ਦਿਨ ਵਿਚ ਕੇਵਲ ਇਕ ਵਾਰ ਰੋਟੀ ਖਾਂਦੀ ਸੀ ਪਰ ਖੇਡ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿਤੀ। ਹੁਣ ਮਹਾਂਰਾਸ਼ਟਰ ਸਰਕਾਰ ਵਿਚ ਖੇਡ ਅਧਿਕਾਰੀ ਦੇ ਅਹੁਦੇ 'ਤੇ ਬੈਠੀ ਕਾਲੇ ਨੂੰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ 'ਤੇ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਦਖਣੀ ਏਸ਼ੀਆਈ ਖੇਡ 2016 ਵਿਚ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਖੋ-ਖੋ ਟੀਮ ਦੀ ਕਪਤਾਨ ਰਹੀ ਕਾਲੇ ਨੇ ਕਿਹਾ, ''ਮੈਨੂੰ ਭਲੇ ਹੀ ਇਸ ਸਾਲ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ ਪਰ ਮੈਂ ਹੁਣ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਦੀ ਹਾਂ ਜਦੋਂ ਮੈਂ ਖੋ-ਖੋ ਖੇਡਦੀ ਸੀ। ਮੈਂ ਲੱਗਭਗ ਇਕ ਦਹਾਕੇ ਤਕ ਦਿਨ ਵਿਚ ਕੇਵਲ ਇਕ ਵਾਰ ਭੋਜਨ ਕੀਤਾ।'' ਉਨ੍ਹਾਂ ਕਿਹਾ, ''ਅਪਣੇ ਪ੍ਰਵਾਰ ਦੀ ਸਥਿਤੀ ਕਾਰਨ ਮੈਂ ਖੇਡ ਵਿਚ ਆਈ। ਇਸ ਖੇਡ ਨੇ ਮੇਰੀ ਜ਼ਿੰਦਗੀ ਬਦਲ ਦਿਤੀ ਅਤੇ ਹੁਣ ਮੈਂ ਉਸਮਾਨਾਬਾਦ ਜ਼ਿਲ੍ਹੇ ਦੇ ਤਲਜਾਪੁਰ ਵਿਚ ਖੇਡ ਅਧਿਕਾਰੀ ਦੇ ਅਹੁਦੇ 'ਤੇ ਹਾਂ।''