ਐਸ.ਏ.ਐਸ. ਨਗਰ : ਮੁਲਤਾਨੀ ਅਗ਼ਵਾ ਅਤੇ ਕਤਲ ਮਾਮਲੇ ਵਿਚ ਬੁਰੀ ਤਰ੍ਹਾਂ ਫਸੇ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੇ ਅੱਜ ਮੋਹਾਲੀ ਅਦਾਲਤ ਵਿਚ ਉਨ੍ਹਾਂ ਵਿਰੁਧ ਦਰਜ ਧਾਰਾ 302 ਦੇ ਮਾਮਲੇ ਵਿਚ ਇਕ ਜ਼ਮਾਨਤ ਦਾਖ਼ਲ ਕੀਤੀ ਹੈ ਜਿਸ ਦੀ ਸੁਣਵਾਈ ਅੱਜ ਮੋਹਾਲੀ ਅਦਾਲਤ 'ਚ ਹੋਵੇਗੀ।
ਜ਼ਿਕਰਯੋਗ ਹੈ ਕਿ ਸਾਬਕਾ DGP ਸੁਮੇਧ ਸੈਣੀ ਵਿਰੁਧ ਮੁਲਤਾਨੀ ਅਗ਼ਵਾ ਕੇਸ ਵਿਚ 6 ਮਈ 2020 ਨੂੰ ਆਈ ਪੀ ਸੀ ਦੀ ਧਾਰਾ 364, 201, 334, 330, 219, 120 ਬੀ ਤਹਿਤ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿਚ ਸੈਣੀ ਦੇ ਨਾਲ ਸ਼ਾਮਲ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਅਧਿਕਾਰੀ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਇਸ ਕੇਸ ਵਿਚ ਸੁਮੇਧ ਸੈਣੀ ਵਿਰੁਧ ਵਾਇਦਾ ਮੁਆਫ਼ ਗਵਾਹ ਬਣ ਗਏ ਹਨ। ਇਸ ਸਬੰਧੀ ਜਾਰੀ ਅਦਾਲਤੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਗਵਾਹਾਂ ਵਲੋਂ ਅਦਾਲਤ ਵਿਚ ਦਰਜ ਕਰਵਾਏ ਬਿਆਨ ਜ਼ਾਹਰ ਕਰਦੇ ਹਨ ਕਿ ਇਹ ਸਾਰੇ ਬਲਵੰਤ ਸਿੰਘ ਮੁਲਤਾਨੀ 'ਤੇ ਕੀਤੇ ਗਏ ਅਣਮਨੁੱਖੀ ਜ਼ੁਲਮ ਅਤੇ ਉਸ ਦੇ ਯੋਜਨਾਬੱਧ ਕਤਲ ਦੇ ਮਾਮਲੇ ਵਿਚ ਸ਼ਾਮਲ ਸਨ ਅਤੇ ਇਹ 1991 ਦੇ ਇਸ ਜੁਲਮ ਦੇ ਮਾਮਲੇ ਦੇ ਚਸ਼ਮਦੀਦ ਗਵਾਹ ਹਨ। ਅਦਾਲਤ ਵਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਬੀਤੀ 6 ਮਈ 2020 ਨੂੰ ਦਰਜ ਕੀਤੀ ਗਈ ਐਫ਼.ਆਈ.ਆਰ ਵਿਚ ਧਾਰਾ 302 ਜੋੜੀ ਜਾਵੇ।