ਨਵੀਂ ਦਿੱਲੀ : ਸਰਚ ਇੰਜਨ ਗੂਗਲ ਨੇ ਲੋਕ ਸਭਾ ਚੋਣਾਂ ਦੇ ਦੂਜੇ ਗੇੜ 'ਚ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕਰਨ ਲਈ ਵੀਰਵਾਰ ਨੂੰ ਵੀ ਡੂਡਲ ਬਣਾਇਆ। ਇਹ ਡੂਡਲ ਵੀ ਪਹਿਲੇ ਗੇੜ 'ਚ ਬਣਾਏ ਡੂਡਲ ਦੀ ਤਰ੍ਹਾਂ ਹੀ ਹੈ ਅਤੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਰਚ ਇੰਜਨ ਦੇ ਪਹਿਲੇ ਪੰਨੇ 'ਤੇ ਅੰਗਰੇਜ਼ੀ ਵਿਚ ਨੀਲੇ, ਲਾਲ, ਪੀਲੇ ਅਤੇ ਹਰੇ ਰੰਗ ਵਿਚ ਗੂਗਲ ਲਿਖਿਆ ਹੈ। ਗੂਗਲ ਸ਼ਬਦ ਦੇ ਤੀਜੇ ਅੱਖਰ (ਅੰਗਰੇਜ਼ੀ ਦੇ) 'ਓ' 'ਤੇ ਇਕ ਉਂਗਲ ਦਿਖਾਈ ਦੇ ਰਹੀ ਹੈ, ਜਿਸ ਵਿਚ ਨੰਹੂ 'ਤੇ ਸਿਆਹੀ ਲੱਗੀ ਹੈ। ਭਾਰਤ ਵਿਚ ਵੋਟ ਪਾਉਣ ਮਗਰੋਂ ਇਹ ਸਿਆਹੀ ਵੋਟਰਾਂ ਦੀ ਉਂਗਲ 'ਤੇ ਲਗਾਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਦੂਜੇ ਗੇੜ 'ਚ 11 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ 95 ਸੀਟਾਂ ਲਈ ਮਤਦਾਨ ਹੋ ਰਿਹਾ ਹੈ।