ਮੁੰਬਈ : ਬਾਂਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਨੇ ਕਿਹਾ ਹੈ ਕਿ ਦਿੱਲੀ 'ਚ ਹੋਈ ਤਬਲੀਗ਼ੀ ਜਮਾਤ ਮਰਕਜ਼ 'ਚ ਹਿੱਸਾ ਲੈਣ ਆਏ ਵਿਦੇਸ਼ੀ ਨਾਗਰਿਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਉਨ੍ਹਾਂ ਲੋਕਾਂ 'ਤੇ ਹੀ ਦੇਸ਼ 'ਚ ਕੋਵਿਡ-19 ਫੈਲਾਉਣ ਦਾ ਦੋਸ਼ ਲਾਇਆ ਗਿਆ।
ਜਸਟਿਸ ਟੀਵੀ ਨਲਵਾਡੇ ਤੇ ਜਸਟਿਸ ਐੱਮਜੀ ਸੇਵਲੀਕਰ ਨੇ 21 ਅਗੱਸਤ ਨੂੰ 29 ਵਿਦੇਸ਼ੀਆਂ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰਦਿਆਂ ਇਹ ਟਿੱਪਣੀ ਕੀਤੀ। ਇਹ ਵਿਦੇਸ਼ੀ ਤਬਲੀਗੀ ਜਮਾਤ ਮਰਕਜ਼ 'ਚ ਸ਼ਾਮਲ ਹੋਏ ਸਨ। ਬੈਂਚ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਥੇ ਮਹਾਰਾਸ਼ਟਰ ਪੁਲਿਸ ਨੇ ਮਾਮਲੇ 'ਚ ਸਹੀ ਤਰੀਕੇ ਨਾਲ ਕੰਮ ਕੀਤਾ, ਉਥੇ ਸੂਬਾ ਸਰਕਾਰ ਨੇ ਸਿਆਸੀ ਮਜਬੂਰੀ 'ਚ ਕਦਮ ਚੁੱਕੇ।
ਇਨ੍ਹਾਂ 29 ਵਿਦੇਸ਼ੀ ਨਾਗਰਿਕਾਂ 'ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ, ਬਿਮਾਰੀ ਐਕਟ, ਆਫ਼ਤ ਮੈਨੇਜਮੈਂਟ ਐਕਟ ਤੇ ਰਾਸ਼ਟਰੀ ਰਾਜਧਾਨੀ ਦੇ ਨਿਜ਼ਾਮੂਦੀਨ 'ਚ ਹੋਏ ਤਬਲੀਗ਼ੀ ਜਮਾਤ ਮਰਕਜ਼ 'ਚ ਹਿੱਸਾ ਲੈ ਕੇ ਅਪਣੇ ਸੈਰ-ਸਪਾਟਾ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬੈਂਚ ਨੇ ਅਪਣੇ ਆਦੇਸ਼ 'ਚ ਕਿਹਾ ਹੈ ਕਿ ਮਰਕਜ਼ 'ਚ ਹਿੱਸਾ ਲੈਣ ਆਏ ਵਿਦੇਸ਼ੀਆਂ ਖ਼ਿਲਾਫ਼ ਗ਼ਲਤ ਪ੍ਰਚਾਰ ਵੀ ਕੀਤਾ ਗਿਆ। ਦੋਸ਼ ਇਹ ਵੀ ਲਾਇਆ ਗਿਆ ਸੀ ਕਿ ਤਬਲੀਗ਼ੀ ਜਮਾਤ ਦੇ ਲੋਕਾਂ ਨੇ ਹੀ ਧਰਮ ਪਰਿਵਰਤਨ ਕਰਵਾਉਣ ਦੇ ਨਾਲ ਨਾਲ ਇਸਲਾਮ ਧਰਮ ਦਾ ਪ੍ਰਚਾਰ-ਪਸਾਰ ਕੀਤਾ ਪਰ ਕੋਰਟ ਨੇ ਇਸ ਤਰ੍ਹਾਂ ਦੇ ਦੋਸ਼ਾਂ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿਤਾ।