ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਤੋਂ ਰਾਜ ਸਭਾ ਦੇ ਮੈਂਬਰ ਰਹੇ ਅਮਰ ਸਿੰਘ ਦੇ ਦਿਹਾਂਤ ਤੋਂ ਬਾਅਤ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਸੀਟ ਨੂੰ ਖਾਲੀ ਐਲਾਨ ਕਰ ਦਿਤਾ ਹੈ। ਜਿਸ 'ਤੇ ਜ਼ਿਮਨੀ ਚੋਣਾਂ ਦੀ ਤਰੀਖ਼ ਦਾ ਐਲਾਨ ਹੋ ਗਿਆ ਹੈ। ਅਮਰ ਸਿੰਘ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਰਾਜ ਸਭਾ ਸੀਟ 'ਤੇ 11 ਸਤੰਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਇਸ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿਤੀ ਹੈ।
ਚੋਣ ਕਮਿਸ਼ਨ ਵਲੋਂ ਜਾਰੀ ਬਿਆਨ ਅਨੁਸਾਰ ਇਸ ਸੀਟ 'ਤੇ ਜ਼ਿਮਨੀ ਚੋਣਾਂ ਲਈ ਨੋਟੀਫ਼ਿਕੇਸ਼ਨ 25 ਅਗੱਸਤ ਨੂੰ ਜਾਰੀ ਕੀਤੀ ਜਾਵੇਗੀ ਅਤੇ ਇਕ ਸਤੰਬਰ ਨੂੰ ਨਾਮਜ਼ਦਗੀ ਦੀ ਆਖਰੀ ਤਰੀਖ਼ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਜਾਂਚ 2 ਸਤੰਬਰ ਨੂੰ ਹੋਵੇਗੀ ਅਤੇ ਨਾਂ ਵਾਪਸ ਲੈਣ ਦੀ ਆਖ਼ਰੀ ਤਰੀਖ਼ 4 ਸਤੰਬਰ ਹੋਵੇਗੀ। ਇਸ ਤੋਂ ਬਾਅਦ 11 ਸਤੰਬਰ ਨੂੰ ਵੋਟਿੰਗ ਹੋਵੇਗੀ। ਵੋਟਿੰਗ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗੀ। 11 ਸਤੰਬਰ ਨੂੰ ਹੀ ਸ਼ਾਮ 5 ਵਜੇ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਪ੍ਰਕਿਰਿਆ 14 ਸਤੰਬਰ ਨੂੰ ਪੂਰੀ ਹੋ ਜਾਵੇਗੀ। ਦੱਸਣਯੋਗ ਹੈ ਕਿ ਅਮਰ ਸਿੰਘ ਦਾ ਇਕ ਅਗਸਤ ਨੂੰ ਦਿਹਾਂਤ ਹੋਇਆ ਸੀ ਅਤੇ ਉਨ੍ਹਾਂ ਦਾ ਕਾਰਜਕਾਲ 4 ਜੁਲਾਈ 2022 ਤਕ ਸੀ, ਇਸ ਲਈ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ।