ਨਵੀਂ ਦਿੱਲੀ : ਬਲਾਤਕਾਰ ਦਾ ਮੁਲਜ਼ਮ ਅਤੇ ਭਗੌੜੇ ਸਵਾਮੀ ਨਿਤਿਆਨੰਦ ਗਣੇਸ਼ ਚਤੁਰਥੀ ਨੂੰ ਅਪਣੀ ਮੁਦਰਾ ਲਾਂਚ ਕਰਨ ਜਾ ਰਹੇ ਹਨ। ਦੋ ਦਿਨ ਪਹਿਲਾਂ ਉਸ ਨੇ ਕੈਲਾਸਾ ਦੇ ਰਿਜ਼ਰਵ ਬੈਂਕ ਦੇ ਨਾਮ ਹੇਠ ਅਪਣਾ ਬੈਂਕ ਬਣਾਉਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਸਵਾਮੀ ਨਿਤਿਆਨੰਦ, ਜੋ ਕਿ ਬਹੁਤ ਸਾਰੇ ਇਲਜ਼ਾਮਾਂ ਨਾਲ ਘਿਰਿਆ ਹੋਇਆ ਹਨ, ਪਿਛਲੇ 10 ਮਹੀਨਿਆਂ ਤੋਂ ਫ਼ਰਾਰ ਹੈ। ਦਸਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਮੈਕਸੀਕੋ ਦੇ ਨਜ਼ਦੀਕ ਬੈਲੀਜ਼ ਵਿਚ ਹੈ। ਇਨਟੈਪੋਲ ਦੇ ਨਾਲ ਕਰਨਾਟਕ ਅਤੇ ਗੁਜਰਾਤ ਪੁਲਿਸ ਵੀ ਨਿਤਿਆਨੰਦ ਦੀ ਭਾਲ ਕਰ ਰਹੀਆਂ ਹਨ। ਪਿਛਲੇ ਸਾਲ ਦਸੰਬਰ ਮਹੀਨੇ ਵਿਚ ਨਿਤਿਆਨੰਦ ਨੇ ਐਲਾਨ ਕੀਤਾ ਸੀ ਕਿ ਉਸ ਨੇ ਇਕੁਏਡੋਰ ਨੇੜੇ ਇਕ ਟਾਪੂ ਉਤੇ ਅਪਣਾ ਕੈਲਾਸਾ ਨਾਂ ਦਾ ਇਕ ਵਖਰਾ ਦੇਸ਼ ਸਥਾਪਤ ਕੀਤਾ ਸੀ, ਹਾਲਾਂਕਿ ਬਾਅਦ ਵਿਚ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਦੋ ਦਿਨ ਪਹਿਲਾਂ ਨਿਤਿਆਨੰਦ ਨੇ ਵੀਡੀਉ ਸੰਦੇਸ਼ ਜਾਰੀ ਕਰ ਕੇ ਅਪਣਾ ਬੈਂਕ ਖੋਲ੍ਹਣ ਦਾ ਐਲਾਨ ਕੀਤਾ ਸੀ। ਇਸ ਵੀਡੀਉ ਸੰਦੇਸ਼ ਵਿਚ ਉਸ ਨੇ ਦਾਅਵਾ ਕੀਤਾ ਕਿ ਉਹ ਗਣੇਸ਼ ਚਤੁਰਥੀ ਦੇ ਦਿਨ ਕਰੰਸੀ ਦਾ ਐਲਾਨ ਕਰੇਗਾ। ਨਿਤਿਆਨੰਦ ਨੇ ਕਿਹਾ ਹੈ ਕਿ ਉਹ ਸਾਰੇ ਕੰਮ ਕਾਨੂੰਨ ਦੇ ਅਧੀਨ ਹੀ ਕਰ ਰਹੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਅਪਣੇ ਦੇਸ਼ ਦਾ ਪਾਸਪੋਰਟ ਵੀ ਬਣਾਇਆ ਹੋਇਆ ਹੈ ਅਤੇ ਆਰਥਿਕ ਪ੍ਰਣਾਲੀ ਵੀ ਉਥੇ ਤਿਆਰ ਕੀਤੀ ਜਾ ਰਹੀ ਹੈ।