ਬੀਜਿੰਗ : ਚੀਨ ਦੇ ਮੁਸਲਿਮ ਬਹੁਲ ਸ਼ਿਨਜਿਆਂਗ ’ਚ ਉਇਗਰ ਮੁਸਲਮਾਨਾਂ ’ਤੇ ਸਰਕਾਰ ਦਾ ਜ਼ੁਲਮ ਵਧਦਾ ਜਾ ਰਿਹਾ ਹੈ। ਸਰਕਾਰ ਉਨ੍ਹਾਂ ਦੀ ਮਸਜਿਦਾਂ ਤੋੜ ਰਹੀ ਹੈ। ਜਾਣਕਾਰੀ ਅਨੁਸਾਰ ਸ਼ਿਨਜਿਆਂਗ ਦੇ ਅਤੁਸ਼ ਸੁੰਥਗ ਪਿੰਡ ’ਚ ਮਸਜਿਦ ਨੂੰ ਤੋੜ ਕੇ ਪਬਲਿਕ ਟਾਇਲਟ ਬਣਾਇਆ ਗਿਆ ਹੈ। ਦੋ ਸਾਲ ਪਹਿਲਾਂ ਤੱਕ ਇਸ ਪਿੰਡ ’ਚ 3 ਮਸਜਿਦਾਂ ਸੀ। ਇਨ੍ਹਾਂ ਵਿਚੋਂ ਤੋਕੁਲ ਤੇ ਅਜਨਾ ਮਸਜਿਦ ਤੋੜ ਦਿੱਤੀ ਗਈ ਸੀ। ਜਿਸ ਜਗ੍ਹਾ ਪਬਲਿਕ ਪਖਾਨਾ ਬਣਾਇਆ ਗਿਆ ਹੈ, ਉੱਥੇ ਪਹਿਲਾਂ ਤੋਕੁਲ ਮਸਜਿਦ ਸੀ। ਰੇਡੀਓ ਫ੍ਰੀ ਏਸ਼ੀਆ (RFA) ਨੇ ਆਪਣੀ ਰਿਪੋਰਟ ’ਚ ਇਸ ਗੱਲ ਦਾ ਦਾਅਵਾ ਕੀਤਾ ਹੈ। ਆਰ. ਐੱਫ. ਏ. ਅਨੁਸਾਰ ਇਹ ਸੱਭ ਕੁਝ 2016 ’ਚ ਮਸਜਿਦਾਂ ’ਚ ਸੁਧਾਰ ਕਰਨ ਦੇ ਲਈ ਸ਼ੁਰੂ ਕੀਤੇ ਗਏ ਸਰਕਾਰੀ ਮੁਹਿੰਮ ਤਹਿਤ ਕੀਤਾ ਜਾ ਰਿਹਾ ਹੈ। ਸਰਕਾਰ ਇਸ ਆੜ ’ਚ ਵੱਡੇ ਪੱਧਰ ’ਤੇ ਮਸਜਿਦਾਂ, ਦਰਗਾਹਾਂ ਤੇ ਕਬਰਸਤਾਨਾਂ ਨੂੰ ਤੋੜ ਰਹੀ ਹੈ।