ਸ੍ਰੀਨਗਰ : ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਹੋਏ ਅਤਿਵਾਦੀ ਹਮਲੇ ਵਿਚ ਸੀਆਰਪੀਐਫ਼ ਅਤੇ ਪੁਲਿਸ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਪੁਲਿਸ ਦੇ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਨੇ ਜ਼ਿਲ੍ਹੇ ਦੇ ਕਰੇਰੀ ਇਲਾਕੇ ਵਿਚ ਨਾਕੇ 'ਤੇ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਦੀ ਟੋਲੀ 'ਤੇ ਹਮਲਾ ਕਰ ਦਿਤਾ। ਉਨ੍ਹਾਂ ਦਸਿਆ ਕਿ ਹਮਲੇ ਵਿਚ ਸੀਆਰਪੀਐਫ਼ ਦੇ ਦੋ ਜਵਾਨ ਅਤੇ ਜੰਮੂ ਕਸ਼ਮੀਰ ਪੁਲਿਸ ਦਾ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਸ਼ਹੀਦ ਹੋ ਗਏ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਰਬੰਦੀ ਕਰ ਕੇ ਅਤਿਵਾਦੀਆਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕਰ ਦਿਤੀ ਤੇ ਘਟਨਾਂ ਦੇ ਕੁੱਝ ਘੰਟਿਆਂ ਮਗਰੋਂ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।
ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ। ਅਤਿਵਾਦੀ ਹਮਲੇ ਮਗਰੋਂ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦਾ ਪਿੱਛਾ ਕਰਦਿਆਂ ਉਨ੍ਹਾਂ ਨੂੰ ਘੇਰ ਲਿਆ। ਸੀਨੀਅਰ ਪੁਲਿਸ ਅਧਿਕਾਰੀ ਵਿਜੇ ਕੁਮਾਰ ਨੇ ਦਸਿਆ, 'ਸੰਘਣੇ ਬਾਗ਼ ਵਿਚੋਂ ਤਿੰਨ ਅਤਿਵਾਦੀ ਆਏ ਸਨ ਅਤੇ ਉਨ੍ਹਾਂ ਨਾਕੇ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਗੋਲੀਬਾਰੀ ਵਿਚ ਸੀਆਰਪੀਐਫ਼ ਦੇ ਦੋ ਜਵਾਨ ਅਤੇ ਪੁਲਿਸ ਦਾ ਐਸਪੀਓ ਸ਼ਹੀਦ ਹੋ ਗਏ। ਲਗਦਾ ਹੈ ਕਿ ਹਮਲੇ ਪਿੱਛੇ ਲਸ਼ਕਰ ਦਾ ਹੱਥ ਹੈ। ਅਸੀਂ ਇਸ ਦਾ ਮੂੰਹਤੋੜ ਜਵਾਬ ਦਿਆਂਗੇ।'
ਅਤਿਵਾਦੀਆਂ ਦੇ ਅਪਣੀ ਰਣਨੀਤੀ ਬਦਲਣ ਅਤੇ ਸੁਰੱਖਿਆ ਬਲਾਂ 'ਤੇ ਹਮਲਾ ਕਰ ਕੇ ਫ਼ਰਾਰ ਹੋਣ ਬਾਰੇ ਆਈਜੀਪੀ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਉਹ ਛੇਤੀ ਹੀ ਇਸ ਦਾ ਹੱਲ ਲਭਣਗੇ। ਉਨ੍ਹਾਂ ਕਿਹਾ, 'ਨਾਕੇ 'ਤੇ ਫ਼ੋਰਸ ਦੀ ਕਮੀ ਹੁੰਦੀ ਹੈ ਅਤੇ ਬਹੁਤੇ ਜਵਾਨ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਤੈਨਾਤ ਹੁੰਦੇ ਹਨ। ਕਈ ਵਾਰ ਅਸੀਂ ਨੁਕਸਾਨ ਝੱਲਿਆ ਹੈ ਅਤੇ ਉਹ ਭੱਜਣ ਵਿਚ ਕਾਮਯਾਬ ਰਹੇ ਹਨ ਪਰ ਅਸੀਂ ਛੇਤੀ ਹੀ ਇਸ ਦਾ ਹੱਲ ਲੱਭਾਂਗੇ।'