ਹੈਦਰਾਬਾਦ : ਐਂਟੀ ਕਰੱਪਸ਼ਨ ਬਿਊਰੋ (ਏ ਸੀ ਬੀ) ਨੇ ਤਿਲੰਗਾਨਾ ਵਿਚ ਇਕ ਤਹਿਸੀਲਦਾਰ ਨੂੰ 1.10 ਕਰੋੜ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਫੜੇ ਗਏ ਤਹਿਸੀਲਦਾਰ ਦਾ ਨਾਂ ਬਾਲਾਰਾਜੂ ਨਾਗਾਰਾਜੂ ਹੈ ਤ ਉਹ ਕਿਸਾਰਾ ਵਿਖੇ ਤਹਿਸੀਲਦਾਰ ਵਜੋਂ ਤਾਇਨਾਤ ਹੈ। ਕਿਸਾਰਾ ਮਧਚਲ ਮਲਕਾਜਗਿਰੀ ਜ਼ਿਲੇ ਦੀ ਤਹਿਸੀਲ ਹੈ। ਤਹਿਸੀਲਦਾਰ ਦੇ ਘਰ ਛਾਪਾ 14 ਅਗਸਤ ਦੀ ਰਾਤ ਨੂੰ ਮਾਰਿਆ ਗਿਆ ਤੇ 15 ਅਗਸਤ ਸਵੇਰ ਤੱਕ ਜਾਰੀ ਰਿਹਾ। ਇਸ ਛਾਪੇਮਾਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਵਿਚ ਇਕ ਮੰਜੇ 'ਤੇ ਨੋਟਾਂ ਦੀਆਂ ਗੱਥੀਆਂ ਪਈਆਂ ਦਿਖਾਈ ਦੇ ਰਹੀਆਂ ਨੇ। ਇਨ੍ਹਾਂ ਨੋਟਾਂ ਵਿਚ ਜ਼ਿਆਦਾਦਰ 500 ਰੁਪਏ ਦੀਆਂ ਗੱਥੀਆਂ ਨੇ। ਕੁੱਝ ਗੱਥੀਆਂ 50, 100 ਅਤੇ 200 ਰੁਪਏ ਦੇ ਨੋਟਾਂ ਦੀਆਂ ਵੀ ਦਿਖਾਈ ਦੇ ਰਹੀਆਂ ਨੇ। ਇਕ ਹੋਰ ਵੀਡੀਓ ਵਿਚ ਨੋਟਾਂ ਨਾਲ ਭਰਿਆ ਹੋਇਆ ਬੈਗ ਵੀ ਦਿਖਾਈ ਦੇ ਰਿਹਾ। ਨੋਟਾਂ ਨਾਲ ਭਰੇ ਅਜਿਹੇ ਕਰੀਬ 3-4 ਬੈਗ ਇਸ ਤਹਿਸੀਲਦਾਰ ਦੇ ਘਰੋਂ ਮਿਲੇ ਨੇ। ਦੋਸ਼ ਹੈ ਕਿ ਤਹਿਸੀਲਦਾਰ ਨੇ 28 ਏਕੜ ਜ਼ਮੀਨ ਨਾਲ ਜੁੜੀ ਫਾਈਲ ਨੂੰ ਪਾਸ ਕਰਨ ਦੇ ਬਦਲੇ ਇਹ ਰਿਸ਼ਵਤ ਮੰਗੀ ਸੀ। ਏਸੀਬੀ ਨੇ ਤਹਿਸੀਲਦਾਰ ਦੇ ਨਾਲ ਹੀ ਦੇਹਾਤ ਆਮਦਨ ਅਧਿਕਾਰੀ ਬੀ ਸਾਈਰਾਜ ਅਤੇ ਰਿਅਲ ਅਸਟੇਟ ਏਜੰਟਾਂ ਨੂੰ ਵੀ ਛਾਪੇ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ। ਤਹਿਸੀਲਦਾਰ ਦੇ ਘਰ ਤੋਂ ਜ਼ਬਤ ਹੋਈ ਰਕਮ ਨੂੰ ਗਿਣਨ ਦੇ ਲਈ ਏਸੀਬੀ ਅਧਿਕਾਰੀਆਂ ਨੂੰ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ। ਅਧਿਕਾਰੀਆਂ ਦਾ ਕਹਿਣਾ ਕਿ ਨਾਗਾਰਾਜੂ ਨੇ ਰਿਸ਼ਵਤ ਵਿਚ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਦੱਸਿਆ ਜਾਂਦਾ ਕਿ ਸਵਾ ਕਰੋੜ ਰੁਪਏ ਵਿਚ ਗੱਲਬਾਤ ਤੈਅ ਹੋ ਗਈ। ਏਸੀਬੀ ਨੂੰ ਤਹਿਸੀਲਦਾਰ ਦੇ ਘਰ ਤੋਂ ਇਕ ਕਰੋੜ 10 ਲੱਖ ਰੁਪਏ ਤੋਂ ਇਲਾਵਾ 28 ਲੱਖ ਰੁਪਏ ਨਕਦ ਅਤੇ ਸੋਨਾ ਵੀ ਮਿਲਿਆ।